ਕਿਲੀ ਚਾਹਲਾਂ ਰੈਲੀ ਕਾਰਨ ਲੋਕਾਂ ਲਈ ਕੌਮੀ ਮਾਰਗ ਰਹੇਗਾ ਬੰਦ
ਕਿਲੀ ਚਾਹਲਾਂ ਰੈਲੀ ਕਾਰਨ ਆਮ ਲੋਕਾਂ ਲਈ ਕੌਮੀ ਮਾਰਗ ਰਹੇਗਾ ਬੰਦ
Publish Date: Sun, 15 Feb 2026 06:57 PM (IST)
Updated Date: Mon, 16 Feb 2026 04:10 AM (IST)

-ਰੈਲੀ ’ਚ ਆਉਣ ਵਾਲਿਆਂ ਲਈ ਸਿੱਧੋ-ਸਿੱਧੀ ਖੁੱਲ੍ਹੀਆਂ ਰਹਿਣਗੀਆਂ ਸੜਕਾਂ -ਰਾਏਕੋਟ, ਲੁਧਿਆਣਾ ਤੇ ਜਲੰਧਰ ਜਾਣ ਵਾਲਿਆਂ ਨੂੰ ਪੈਣਗੇ ਵਿੰਗ-ਵਲ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੰਜਾਬ ਸਰਕਾਰ ਵੱਲੋਂ ਅੱਜ 16 ਫਰਵਰੀ ਦਿਨ ਸੋਮਵਾਰ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲਾਂ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਨੇੜੇ ਕੀਤੀ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਸੂਬਾ ਪੱਧਰੀ ਸਮਾਗਮ ਨੂੰ ਮੁੱਖ ਰੱਖਦਿਆਂ ਆਮ ਲੋਕਾਂ ਲਈ ਲੁਧਿਆਣਾ-ਫਿਰੋਜਪੁਰ ਕੌਮੀ ਮਾਰਗ ਬੰਦ ਕਰ ਦਿੱਤਾ ਗਿਆ ਹੈ। ਅੱਜ ਇਹ ਕੌਮੀ ਸੜਕ ਸਿਰਫ਼ ਕਿਲੀ ਚਾਹਲਾਂ ਰੈਲੀ ਵਿਚ ਆਉਣ ਜਾਣ ਵਾਲਿਆਂ ਲਈ ਖੁੱਲ੍ਹੀ ਰਹੇਗੀ, ਬਾਕੀ ਆਮ ਜਨਤਾ ਨੂੰ ਵੱਖੋ ਵੱਖਰੇ ਸ਼ਹਿਰਾਂ ਵਿਚ ਆਉਣ ਜਾਣ ਲਈ ਬਦਲਵੀਆਂ ਸੜਕਾਂ ਤੋਂ ਲੰਘਣਾ ਪਵੇਗਾ। ਇਸ ਦੇ ਲਈ ਪੁਲਿਸ ਵੱਲੋਂ ਵੀ ਆਮ ਲੋਕਾਂ ਅਤੇ ਕਿਲੀ ਚਾਹਲਾਂ ਰੈਲੀ ਵਿਚ ਜਾਣ ਵਾਲਿਆਂ ਲਈ ਵੱਖੋ ਵੱਖਰੇ ਰੂਟ ਤਿਆਰ ਕੀਤੇ ਗਏ ਹਨ। -ਆਮ ਜਨਤਾ ਲਈ ਜਾਰੀ ਕੀਤਾ ਗਿਆ ਰੂਟ ਪ੍ਰੋਗਰਾਮ 1. ਰਾਏਕੋਟ ਤੋਂ ਮੋਗਾ ਜਾਣ ਵਾਲੇ ਬੱਸੀਆਂ ਵਿਚ ਦੀ ਝੋਰੜਾਂ, ਲੱਖਾ, ਚਕਰ, ਰਾਮਾ, ਬਿਲਾਸਪੁਰ, ਬੱਧਣੀ ਕਲਾਂ ’ਚੋਂ ਹੁੰਦੇ ਹੋਏ ਮੋਗਾ ਪਹੁੰਚਣਗੇ। 2. ਲੁਧਿਆਣਾ ਤੋਂ ਮੋਗਾ ਜਾਣ ਲਈ ਲੁਧਿਆਣਾ ਤੋਂ ਮੁੱਲਾਂਪੁਰ, ਜਗਰਾਓਂ ਤੋਂ ਸਿੱਧਵਾਂ ਬੇਟ, ਗਿੱਦੜਵਿੰਡੀ, ਕਿਸ਼ਨਪੁਰਾ, ਧਰਮਕੋਟ ਹੁੰਦੇ ਹੋਏ ਮੋਗਾ ਪੁੱਜਣਗੇ। 3. ਮਹਿਤਪੁਰ ਤੋਂ ਮੋਗਾ ਜਾਣ ਲਈ ਸਿੱਧਵਾਂ ਬੇਟ ਹੁੰਦੇ ਹੋਏ ਪਿੰਡ ਗਿੱਦੜਵਿੰਡੀ, ਕਿਸ਼ਨਪੁਰਾ, ਧਰਮਕੋਟ ਹੁੰਦੇ ਹੋਏ ਮੋਗਾ ਪਹੁੰਚਣਗੇ। ਕਿਲੀ ਚਾਹਲਾਂ ਰੈਲੀ ’ਚ ਜਾਣ ਵਾਲਿਆਂ ਲਈ ਰੂਟ ਪ੍ਰਬੰਧ 1. ਰਾਏਕੋਟ ਤੋਂ ਕਿਲੀ ਚਾਹਲਾਂ ਰੈਲੀ ਵਿਚ ਜਾਣ ਲਈ ਬੱਸੀਆਂ, ਕਮਾਲਪੁਰਾ, ਜਗਰਾਓਂ, ਤਹਿਸੀਲ ਚੌਂਕ, ਨਾਨਕਸਰ ਤੋਂ ਸਿੱਧਾ ਕਿਲੀ ਚਾਹਲਾਂ ਰੈਲੀ ਪਹੁੰਚਣਗੇ। 2. ਲੁਧਿਆਣਾ ਤੋਂ ਕਿਲੀ ਚਾਹਲਾਂ ਰੈਲੀ ਲਈ ਮੁੱਲਾਂਪੁਰ, ਜਗਰਾਓਂ, ਨਾਨਕਸਰ ਸਿੱਧਾ ਕਿਲੀ ਚਾਹਲਾਂ ਰੈਲੀ। 3. ਜਲੰਧਰ ਤੋਂ ਕਿਲੀ ਚਾਹਲਾਂ ਰੈਲੀ ਲਈ ਨਕੋਦਰ, ਮਹਿਤਪੁਰ, ਸਿੱਧਵਾਂ ਬੇਟ, ਜਗਰਾਓਂ, ਨਾਨਕਸਰ ਤੋਂ ਸਿੱਧਾ ਕਿਲੀ ਚਾਹਲਾਂ ਰੈਲੀ ’ਚ ਪਹੁੰਚਣਗੇ। ਜਗਰਾਓਂ ਪੁਲਿਸ ਨੇ ਲੋਕਾਂ ਦੀ ਸਹੂਲਤ ਲਈ ਕੀਤੇ ਸੁਚਾਰੂ ਪ੍ਰਬੰਧ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਅੱਜ 16 ਫਰਵਰੀ ਸੋਮਵਾਰ ਦੀ ਪਿੰਡ ਕਿਲੀ ਚਾਹਲਾਂ ਵਿਖੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਰੈਲੀ ਸਬੰਧੀ ਰੈਲੀ ਵਿਚ ਜਾਣ ਵਾਲਿਆਂ ਲਈ ਲੋਕਾਂ ਦੀ ਸਹੂਲਤ ਲਈ ਸੁਚਾਰੂ ਪ੍ਰਬੰਧ ਕੀਤੇ ਗਏ ਹਨ। ਜਿਸ ਦੇ ਮੱਦੇਨਜ਼ਰ ਟੈ੍ਰਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ 7 ਸਪੈਸ਼ਲ ਟੈ੍ਰਫਿਕ ਡਾਇਵਰਸ਼ਨ ਨਾਕੇ ਅਤੇ ਚਾਰ ਰੂਟ ਕਲੀਅਰੈਂਸ ਪਾਰਟੀਆਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਰੈਲੀ ਵਿਚ ਜਾਣ ਵਾਲਿਆਂ ਅਤੇ ਆਮ ਲੋਕਾਂ ਲਈ ਵੱਖੋ-ਵੱਖਰੇ ਰੂਟਾਂ ਤੇ ਤਾਇਨਾਤ ਰਹਿਣਗੇ, ਤਾਂ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।