ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਦੀ ਸਮਾਪਤੀ
ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਦੀ ਸਮਾਪਤੀ
Publish Date: Sun, 15 Mar 2026 07:49 PM (IST)
Updated Date: Mon, 16 Mar 2026 04:16 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਸੱਤ ਦਿਨ ਪਹਿਲਾਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਆਰੰਭ ਹੋਏ ਨਾਮ ਸਿਮਰਨ ਅਭਿਆਸ ਸਮਾਗਮਾਂ ਦੀ ਐਤਵਾਰ ਨੂੰ ਸੰਪੂਰਨਤਾ ਹੋਈ। ਰੋਜ਼ਾਨਾ ਦੀ ਤਰ੍ਹਾਂ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਮੂਲ ਮੰਤਰ, ਵਾਹਿਗੁਰੂ ਗੁਰੂ ਮੰਤਰ ਦੇ ਸਿਮਰਨ ਕਰਵਾਏ। ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਫੁਰਮਾਇਆ ਕਿ ਜਿਸ ਜੀਵ ਨੂੰ ਨਾਮ ਧਨ ਪ੍ਰਾਪਤ ਹੋ ਜਾਂਦਾ ਹੈ, ਉਸਨੂੰ ਫਿਰ ਕਿਸੇ ਹੋਰ ਸ਼ੈਅ ਦੀ ਭੁੱਖ ਨਹੀਂ ਰਹਿੰਦੀ, ਕਿਉਂਕਿ ਪੰਜ ਚੋਰ ਉਸਦੇ ਵੱਸ ਵਿੱਚ ਹੋ ਜਾਂਦੇ ਨੇ, ਉਹ ਜੀਵਨ ਮੁਕਤ ਹੋ ਜਾਂਦਾ ਹੈ। ਨਾਮ ਤਾਂ ਉਹ ਧਨ ਹੈ ਜਿਸ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ, ਕੋਈ ਡਾਕੂ-ਲੁਟੇਰਾ ਲੁੱਟ ਨਹੀਂ ਸਕਦਾ, ਸਗੋਂ ਨਾਮ ਤਾਂ ਅਜਿਹਾ ਧਨ ਹੈ ਕਿ ਜਿਸ ਨੂੰ ਜਿੰਨਾ ਜ਼ਿਆਦਾ ਵੰਡੀਏ ਓਨਾ ਹੀ ਹੋਰ ਵੱਧਦਾ ਹੈ। ਭਾਵ ਆਤਮਕ ਲਾਭ ਪ੍ਰਾਪਤ ਹੁੰਦਾ ਹੈ।
ਉਨ੍ਹਾਂ ਸੱਤ ਦਿਨਾਂ ਦੌਰਾਨ ਮੂਲ ਮੰਤਰ ਦੇ ਜਾਪ ਦਾ ਜਿਕਰ ਕਰਦਿਆਂ ਦੱਸਿਆ ਕਿ ਮੂਲ ਮੰਤਰ ਵਿੱਚ ਪਰਮਾਤਮਾ ਦੇ ਨਿਰਗੁਣ ਅਤੇ ਸਰਗੁਣ ਸਰੂਪ ਨੂੰ ਬਿਆਨ ਕੀਤਾ ਗਿਆ ਹੈ। ਉਨ੍ਹਾਂ ਗੁਰਬਾਣੀ ਸ਼ਬਦਾਂ ਦੇ ਹਵਾਲੇ ਨਾਲ ਦੱਸਿਆ ਕਿ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ। ਗੁਰੂ ਦੀ ਕਿਰਪਾ, ਬਖਸ਼ਿਸ਼, ਮਿਹਰ ਜਾਂ ਨਦਰਿ ਤਦ ਹੀ ਪ੍ਰਾਪਤ ਹੋ ਸਕਦੀ ਹੈ, ਜੇਕਰ ਮਨਮਤਿ ਭਾਵ ਮਨ ਦੀ ਮੱਤ ਦਾ ਤਿਆਗ ਕਰਕੇ ਗੁਰਮਤਿ ਭਾਵ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਤੁਰਿਆ ਜਾਵੇ। ਗੁਰੂ ਦੀ ਮਤਿ ਗੁਰੂ ਦਾ ਉਪਦੇਸ਼ ਹੈ, ਜੋ ਗੁਰ ਸ਼ਬਦ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ। ਸਿਮਰਨ ਸਮਾਗਮ ਸਬੰਧੀ ਉਨ੍ਹਾਂ ਵਿਸਥਾਰ ਨਾਲ ਸਮਝਾਉਂਦਿਆਂ ਕਿ ਜਪੁ ਬਾਣੀ ਵਿੱਚ ਮੂਲ ਮੰਤਰ ਦਾ ਵਿਸਥਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਕੀ ਦੀ ਸਾਰੀ ਬਾਣੀ ਜਪੁ ਬਾਣੀ ਦਾ ਵਿਸਥਾਰ ਹੈ।
ਗੁਰਬਾਣੀ ਦਾ ਮੰਤਵ ਜੀਵ ਨੂੰ ਪਰਮੇਸ਼ਰ ਨਾਲ ਜੋੜਨਾ ਹੈ। ਪ੍ਰਮਾਤਮਾਂ ਨਾਲ ਜੁੜਨ ਦਾ ਸਾਧਨ ਹੈ ਜਪੁ, ਜਿਵੇਂ ਬਾਣੀ ਦਾ ਸਿਰਲੇਖ ਦਿੱਤਾ ਗਿਆ ਹੈ। ਜਾਪ ਅਤੇ ਸਿਮਰਨ ਜਪੁ ਦੇ ਸਮਾਨਾਰਥੀ ਸ਼ਬਦ ਹਨ। ਜਪੁ ਰਾਹੀਂ ਜੀਵ ਨੂੰ ਪਰਮਾਤਮਾ ਦੀ ਬੰਦਗੀ ਕਰਨ ਦਾ ਉਪਦੇਸ਼ ਦ੍ਰਿੜ ਕਰਵਾਇਆ ਗਿਆ ਹੈ। ਮਹਾਂਪੁਰਸ਼ਾਂ ਨੇ ਨਾਮ ਵਿਸ਼ੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪਰਮਾਤਮਾ ਦੇ ਨਾਮ ਬੇਅੰਤ ਹਨ, ਪਰ ਉਸਦਾ ਪਹਿਲਾ ਨਾ ਸਤਿਨਾਮ ਹੀ ਹੈ। ਵਾਹਿਗੁਰੂ ਦਾ ਨਾਮ ਉਹ ਜਹਾਜ਼ ਹੈ, ਜਿਸ ਆਸਰੇ ਜੀਵ ਦਾ ਭਵਸਾਗਰ ਤੋਂ ਪਾਰ ਉਤਾਰਾ ਹੁੰਦਾ ਹੈ। ਸੱਤ ਦਿਨਾਂ ਨਾਮ ਸਿਮਰਨ ਅਭਿਆਸ ਸਮਾਗਮ ਜੁਗਿਆਸੁਆਂ ਨੂੰ ਪਰਮਾਤਮਾਂ ਨਾਲ ਜੁੜਨ ਲਈ ਨਾਮ ਸਿਮਰਨ ਇੱਕ ਸਹਾਇਕ ਤੱਤ ਬਣਿਆ, ਜਿਸ ਵਿੱਚ ਉਨ੍ਹਾਂ ਨੂੰ ਮੂਲ ਮੰਤਰ, ਗੁਰਮੰਤਰ ਦੇ ਸਿਮਰਨ ਅਤੇ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਅਵਸਰ ਨਸੀਬ ਹੋਇਆ। ਜੁਗਿਆਸੁਆਂ ਨੇ ਨਾਮ-ਧਨ ਦੀ ਕਮਾਈ ਕੀਤੀ।