ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਆਰੰਭ
ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਆਰੰਭ
Publish Date: Tue, 10 Mar 2026 06:45 PM (IST)
Updated Date: Tue, 10 Mar 2026 06:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਗੁਰਬਾਣੀ, ਪੁਰਾਤਨ ਗੁਰਮਤਿ ਸੰਗੀਤ ਅਤੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਮੰਗਲਵਾਰ ਨੂੰ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੀ ਆਰੰਭਤਾ ਹੋਈ। ਜਾਣਕਾਰੀ ਦਿੰਦੇ ਹੋਏ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਦੱਸਿਆ ਕਿ ਅੱਜ ਸ਼ੁਰੂ ਹੋਏ ਸਮਾਗਮ 14 ਮਾਰਚ ਤੱਕ ਚੱਲਣਗੇ। ਸਵੇਰ ਤੋਂ ਸ਼ਾਮ ਤੱਕ ਗੁਰਬਾਣੀ ਨਿੱਤਨੇਮ , ਸੁਖਮਨੀ ਸਾਹਿਬ ਦੇ ਪਾਠ ਅਤੇ ਨਾਮ ਸਿਮਰਨ ਹੋਣਗੇ ਜਦ ਕਿ ਸ਼ਾਮ ਨੂੰ 7.30 ਤੋਂ 9 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਦਾ ਇੱਕ ਹਜ਼ੂਰੀ ਰਾਗੀ ਜੱਥਾ ਕੀਰਤਨ ਦੀ ਹਾਜ਼ਰੀ ਭਰਿਆ ਕਰੇਗਾ। ਬਾਬਾ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹਫ਼ਤਾਵਾਰ ਲਗਾਤਾਰ ਨਾਮ ਅਭਿਆਸ ਸਮਾਗਮ ਅਤੇ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥਿਆਂ ਤੋਂ ਕੀਰਤਨ ਸਰਵਣ ਕਰ ਕੇ ਜੀਵਨ ਸਫਲਾ ਕਰਨ। ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਜਿਹੜਾ ਮਨੁੱਖ ਅਕਾਲ ਪੁਰਖ ਦੇ ਨਾਮ ਨਾਲ ਜੁੜਦਾ ਹੈ, ਅਕਾਲ ਪੁਰਖ ਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ। ਉਹ ਸਬਰ ਅਤੇ ਸੰਤੋਖ ਦੀ ਮਰਿਆਦਾ ਵਿਚ ਰਹਿੰਦੇ ਜੀਵਨ ਬਤੀਤ ਕਰਦਾ ਹੈ ਅਤੇ ਪਰਮਾਤਮਾ ਦੀ ਨੇੜਤਾ ਨੂੰ ਪ੍ਰਾਪਤ ਕਰ ਲੈਂਦਾ ਹੈ। ਬਾਬਾ ਜੀ ਨੇ ਦੱਸਿਆ ਕਿ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।