ਬਜਟ ਦੀਆਂ ਕਾਪੀਆਂ ਭਲਕੇ ਸਾੜੀਆਂ ਜਾਣਗੀਆਂ
ਬਜਟ ਦੀਆਂ ਕਾਪੀਆਂ ਭਲਕੇ ਸਾੜੀਆਂ ਜਾਣਗੀਆਂ
Publish Date: Tue, 10 Mar 2026 06:21 PM (IST)
Updated Date: Tue, 10 Mar 2026 06:24 PM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਸਰਕਾਰ ਦੇ ਬਜਟ ਵਿਚ ਪੈਨਸ਼ਨਰਾਂ/ਮੁਲਾਜ਼ਮਾਂ ਨੂੰ ਨਾ ਡੀਏ ਮਿਲਿਆ ਨਾ 2.59 ਦਾ ਫੈਕਟਰ ਲਾਗੂ ਕਰਨ ਦੀ ਵਿਵਸਥਾ ਕੀਤੀ ਗਈ, ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਘੋਰ ਨਿੰਦਿਆ ਕੀਤੀ ਜਾ ਰਹੀ ਹੈ। ਸੁਸ਼ੀਲ ਕੁਮਾਰ ਚੇਅਰਮੈਨ ਪੈਨਸ਼ਨਰ ਭਵਨ ਲੁਧਿਆਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸਨ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਧਰਨੇ/ਮੁਜ਼ਾਹਰੇ ਨਹੀਂ ਕਰਨੇ ਪੈਣਗੇ, ਉਨ੍ਹਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਫੌਰੀ ਹੱਲ ਹੋਣਗੀਆਂ, ਹੁਣ ਜਦੋਂਕਿ ਸਰਕਾਰ ਨੇ ਆਖ਼ਰੀ ਬਜਟ ਪੇਸ਼ ਕਰ ਦਿੱਤਾ ਹੈ, ਪੈਨਸ਼ਨਰ/ਮੁਲਾਜ਼ਮਾਂ ਨੂੰ ਆਸ ਸੀ ਕਿ ਮਹਿੰਗਾਈ ਭੱਤਾ ਜ਼ਰੂਰ ਵਧੇਗਾ ਪਰ ਉਨ੍ਹਾਂ ਲਈ ਪੱਲਾ ਝਾੜ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਆਂਢੀ ਰਾਜ ਹਰਿਆਣਾ, ਹਿਮਾਚਲ, ਰਾਜਿਸਥਾਨ ਆਪਣੇ ਪੈਨਸ਼ਨਰਾਂ ਨੂੰ 58 ਫ਼ੀਸਦੀ ਡੀਏ ਦੇ ਰਿਹਾ ਜਦਕਿ ਪੰਜਾਬ ਦੇ ਪੈਨਸ਼ਨਰ 42 ਫ਼ੀਸਦੀ ਲੈ ਰਹੇ ਹਨ ਜੋ 16 ਫ਼ੀਸਦੀ ਘੱਟ ਡੀਏ ਲੈ ਰਹੇ ਹਨ। ਮਾਨ ਸਰਕਾਰ ਨੇ ਨਾ ਡੀਏ ਦਿੱਤਾ ਨਾ ਹੀ 2.59 ਫੈਕਟਰ. ਲਾਗੂ ਕੀਤਾ ਸਗੋਂ ਮੁਲਾਜ਼ਮਾਂ / ਪੈਨਸ਼ਨਰਾਂ ਨੂੰ ਬਿਲਕੁਲ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਮੂਹ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਪੈਨਸ਼ਨਰ 12 ਮਾਰਚ ਨੂੰ 11 ਵਜੇ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਇਕੱਠੇ ਹੋਣਗੇ ਅਤੇ ਫਿਰ ਪੰਜਾਬ ਸਰਕਾਰ ਦੇ ਵਿਰੋਧ ਵਿਚ ਬੱਜਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।