ਮਸਜਿਦਾਂ ਨੇੜੇ ਸਫ਼ਾਈ ਤੇ ਸਪੀਡ ਬ੍ਰੇਕਰ ਲਗਾਉਣ ਦੀ ਮੰਗ
ਮੁਸਲਿਮ ਵਫ਼ਦ ਨੇ ਮਸਜਿਦਾਂ ਨੇੜੇ ਸਫਾਈ ਅਤੇ ਸਪੀਡ ਬ੍ਰੇਕਰ ਲਗਾਉਣ ਦੀ ਕੀਤੀ ਮੰਗ
Publish Date: Tue, 17 Mar 2026 07:07 PM (IST)
Updated Date: Wed, 18 Mar 2026 04:13 AM (IST)

-ਈਦ ਦੇ ਮੱਦੇਨਜ਼ਰ ਮੁਹੰਮਦ ਗੁਲਾਬ ਦੀ ਅਗਵਾਈ ਹੇਠ ਨਿਗਮ ਕਮਿਸ਼ਨਰ ਨੂੰ ਮਿਲਿਆ ਵਫ਼ਦ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਈਦ ਦੇ ਆਉਣ ਵਾਲੇ ਪਵਿੱਤਰ ਮੌਕੇ ਦੇ ਮੱਦੇਨਜ਼ਰ ਮੁਸਲਿਮ ਆਗੂ ਮੁਹੰਮਦ ਗੁਲਾਬ ਦੀ ਅਗਵਾਈ ਹੇਠ ਮੁਸਲਿਮ ਵਫ਼ਦ ਨੇ ਮੰਗਲਵਾਰ ਨੂੰ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਅਤੇ ਆਈਏਐਸ ਅਧਿਕਾਰੀ ਡਾ. ਨੀਰੂ ਕਤਿਆਲ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ। ਵਫ਼ਦ ਨੇ ਸ਼ਹਿਰ ਦੀਆਂ ਮਸਜਿਦਾਂ ਦੇ ਆਲੇ-ਦੁਆਲੇ ਸਫਾਈ ਵਿੱਚ ਸੁਧਾਰ ਕਰਨ ਅਤੇ ਨਮਾਜ਼ੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਹੋਂ ਰੋਡ ਚੁੰਗੀ ਮਸਜਿਦ ਦੇ ਬਾਹਰ ਸਪੀਡ ਬ੍ਰੇਕਰ ਬਣਾਉਣ ਦੀ ਮੰਗ ਵੀ ਕੀਤੀ। ਮੁਹੰਮਦ ਗੁਲਾਬ ਨੇ ਕਿਹਾ ਕਿ ਈਦ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਨਮਾਜ਼ੀ ਮਸਜਿਦਾਂ ਵਿੱਚ ਜਾਂਦੇ ਹਨ, ਜਿਸ ਕਾਰਨ ਮਸਜਿਦਾਂ ਦੇ ਆਲੇ-ਦੁਆਲੇ ਸਹੀ ਸਫਾਈ ਅਤੇ ਆਵਾਜਾਈ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਨਗਰ ਨਿਗਮ ਮਸਜਿਦਾਂ ਦੇ ਆਲੇ-ਦੁਆਲੇ ਬਿਹਤਰ ਸਫਾਈ ਨੂੰ ਯਕੀਨੀ ਬਣਾਏਗਾ ਅਤੇ ਰਾਹੋਂ ਰੋਡ ਚੁੰਗੀ ਮਸਜਿਦ ਦੇ ਬਾਹਰ ਸਪੀਡ ਬ੍ਰੇਕਰ ਲਗਾਉਣ ਸਬੰਧੀ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਵਫ਼ਦ ਵਿੱਚ ਜਮੀਅਤ ਦੇ ਪ੍ਰਧਾਨ ਕਾਰੀ ਘਯੂਰ, ਹਾਫਿਜ਼ ਮੁਹੰਮਦ ਹਾਸ਼ਿਮ, ਮੇਹਰਬਾਨ ਇਦਰੀਸੀ, ਗੁਲ ਹਸਨ ਅੰਸਾਰੀ, ਇਮਰੋਜ਼ ਅੰਸਾਰੀ, ਜਸਵਿੰਦਰ ਸਿੰਘ ਅਤੇ ਅਖਤਰ ਅੰਸਾਰੀ ਸਮੇਤ ਹੋਰ ਪਤਵੰਤੇ ਵੀ ਸ਼ਾਮਲ ਸਨ।