ਬਿਨਾਂ ਚਰਚਾ ਨਗਰ ਨਿਗਮ ਦਾ 1258.80 ਕਰੋੜ ਰੁਪਏ ਦਾ ਬਜਟ ਪਾਸ
ਜਨਰਲ ਹਾਊਸ ਦੀ ਮੀਟਿੰਗ ਦੌਰਾਨ ਬਿਨ੍ਹਾਂ ਚਰਚਾ ਨਗਰ ਨਿਗਮ ਦਾ 1258.80 ਕਰੋੜ ਰੁਪਏ ਦਾ ਬਜਟ ਪਾਸ
Publish Date: Tue, 24 Mar 2026 10:34 PM (IST)
Updated Date: Wed, 25 Mar 2026 04:11 AM (IST)

ਮੀਟਿੰਗ ਦੌਰਾਨ ਆਗਾਮੀ ਵਿੱਤੀ ਸਾਲ ਦੌਰਾਨ ਸ਼ਹਿਰ ਦੇ ਹੋਣ ਵਾਲੇ ਵਿਕਾਸ ਬਾਰੇ ਵੀ ਨਹੀਂ ਹੋਈ ਕੋਈ ਗੱਲ ਬਜਟ ਪਾਸ ਕਰਨ ਅਤੇ ਜ਼ੀਰੋ ਆਵਰ ਨਾ ਮਿਲਣ ਤੇ ਭਾਜਪਾ ਤੇ ਕਾਂਗਰਸ ਦੇ ਕੌਂਸਲਰਾਂ ਸੱਤਾ ਧਿਰ ਖਿਲਾਫ ਕੀਤੀ ਨਾਅਰੇਬਾਜ਼ੀ ਵਿਰੋਧੀ ਦਾ ਦੋਸ਼ ਸੱਤਾ ਧਿਰ ਨੇ ਬਹੁਮਤ ਸਾਬਤ ਕੀਤੇ ਬਿਨ੍ਹਾਂ ਹੀ ਬਜਟ ਕਰ ਦਿੱਤਾ ਪਾਸ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਦੀ ਸਭ ਤੋਂ ਵੱਧ ਬਜਟ ਵਾਲੀ ਨਗਰ ਨਿਗਮ ਲੁਧਿਆਣਾ ਦੇ ਜਨਰਲ ਹਾਊਸ ਦੀ ਬਜਟ ਮੀਟਿੰਗ ਮੰਗਲਵਾਰ ਨੂੰ ਗੁਰੂ ਨਾਨਕ ਦੇਵ ਭਵਨ ਵਿਖੇ ਹੋਈ ਸੀ, ਜਿਸ ’ਚ ਸੱਤਾ ਧਿਰ ਵੱਲੋਂ ਮੈਂਬਰਾਂ ਦੇ ਠੀਕ ਤਰ੍ਹਾਂ ਸੀਟਾਂ ’ਤੇ ਬੈਠਣ ਤੱਕ ਹੀ ਸ਼ਹਿਰ ਦੇ ਵਿਕਾਸ, ਹਾਊਸ ਦੇ ਮੈਂਬਰਾਂ ਦੇ ਮਾਣ ਭੱਤੇ ਤੇ ਸਟਾਫ ਦੀਆਂ ਤਨਖਾਹਾਂ ਲਈ ਆਗਾਮੀ ਵਿੱਤੀ ਸਾਲ 2026-27 ਦਾ 1,258.80 ਕਰੋੜ ਰੁਪਏ ਦਾ ਸਲਾਨਾ ਬਜਟ ਪਾਸ ਕਰਨ ਦਾ ਐਲਾਨ ਕਰ ਦਿੱਤਾ। ਅੱਜ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ, ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਪਿਛਲੇ ਦਿਨੀਂ ਸਵਰਗਵਾਸ ਹੋਏ ਸਾਬਕਾ ਕੌਂਸਲਰ ਨੂੰ ਸ਼ਰਧਾਜਲੀ ਦੇਣ ਦੀ ਮੰਗ ਕੀਤੀ, ਵਿਰੋਧੀ ਧਿਰ ਦੀ ਮੰਗ ਤੇ ਮੇਅਰ ਨੇ ਸਾਬਕਾ ਕੌਂਸਲਰ ਜੱਸਾ ਨੂੰ ਸ਼ਰਧਾਜਲੀ ਦੇਣ ਲਈ 2 ਮਿੰਟ ਦਾ ਮੌਨ ਰੱਖਣ ਦਾ ਐਲਾਨ ਕੀਤਾ। ਮੌਨ ਖਤਮ ਹੁੰਦੇ ਹੀ ਸਕੱਤਰ ਵਿਵੇਕ ਵਰਮਾ ਨੇ ਬਜਟ ਪੜ੍ਹਨਾ ਸ਼ੁਰੂ ਕਰ ਦਿੱਤਾ, ਜਦੋਂ ਤੱਕ ਹਾਊਸ ’ਚ ਵਿਰੋਧੀ ਧਿਰ ਦੇ ਕੌਂਸਲਰ ਆਪਣਾ ਕੋਈ ਇਤਰਾਜ਼ ਦਰਜ ਕਰਵਾਉਦੇ 3 ਮਿੰਟ ’ਚ ਹੀ ਮੇਅਰ ਨੇ ਨਗਰ ਨਿਗਮ ਦਾ ਆਗਾਮੀ ਵਿੱਤੀ ਸਾਲ ਦਾ ਸਾਲਾਨਾ ਬਜਟ ਪਾਸ ਦਾ ਐਲਾਨ ਕਰਦੇ ਹੀ ਮੀਟਿੰਗ ਸਮਾਪਤ ਕਰ ਦਿੱਤੀ। ਇਸ ਤੋਂ ਬਾਅਦ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਕਮਿਸ਼ਨਰ ਡਾ ਨੀਰੂ ਕਤਿਆਲ ਗੁਪਤਾ, ਵਿਧਾਇਕ ਤੇ ਨਿਗਮ ਅਧਿਕਾਰੀ ਹਾਲ ’ਚੋਂ ਬਾਹਰ ਜਾਣੇ ਸ਼ੁਰੂ ਹੋ ਗਏ। ਭਾਵੇਂ ਕਿ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਇਸ ਲਈ ਸੱਤਾ ਧਿਰ ਦਾ ਵਿਰੋਧ ਸ਼ੁਰੂ ਕੀਤਾ ਪਰ ਇਸ ਦਾ ਸੱਤਾ ਧਿਰ ’ਤੇ ਕੋਈ ਅਸਰ ਨਹੀਂ ਹੋਇਆ, ਜਿਸ ਨੂੰ ਦੇਖਦੇ ਹੋਏ ਭਾਜਪਾ ਤੇ ਕਾਂਗਰਸ ਦੇ ਕੌਂਸਲਰਾਂ ਨੇ ਗੁਰੂ ਨਾਨਕ ਭਵਨ ਦੇ ਹਾਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੇ ਦੌਸ਼ ਸੀ ਕਿ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ ਨਗਰ ਨਿਗਮ ਵੱਲੋਂ ਪੂਰਾ ਸਾਲ ਕੀਤੇ ਜਾਣ ਵਾਲੇ ਖਰਚੇ ਤੇ ਆਮਦਨੀ ਸਬੰਧੀ ਕਿਸੇ ਨੂੰ ਵਾ ਕੋਈ ਸੁਝਾਅ ਦੇਣ ਦਾ ਮੌਕਾ ਨਾ ਦਿੱਤਾ ਗਿਆ ਹੋਵੇ ਤੇ ਬਿਨਾਂ ਚਰਚਾ ਹੀ 1,258.80 ਕਰੋੜ ਰੁਪਏ ਦਾ ਸਲਾਨਾ ਬਜਟ ਸਿਰਫ਼ 3 ਮਿੰਟਾਂ ਵਿੱਚ ਹੀ ਪਾਸ ਕਰ ਦਿੱਤਾ ਗਿਆ। ਹਾਲਾਤ ਇਹ ਰਹੇ ਕਿ ਇਸ ਵਾਰ ਕੌਂਸਲਰਾਂ ਲਈ ਬਣਵਾਈ ਚਾਹ ਤੇ ਸਮੋਸੇ ਵੀ ਅਜੇ ਸਾਰਿਆਂ ਤੱਕ ਨਹੀਂ ਪਹੁੰਚੇ ਸਨ ਤੇ ਮੀਟਿੰਗ ਖਤਮ ਹੋ ਗਈ। ਵਿਰੋਧੀ ਧਿਰ ਦੇ ਕੌਂਸਲਰਾਂ ਦੇ ਦੋਸ਼ ਹੈ ਕਿ ਸੱਤਾ ਧਿਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਿਰਫ ਅੰਕੜਿਆਂ ’ਤੇ ਆਧਾਰਿਤ ਬਜਟ ਤਿਆਰ ਕਰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸੱਤਾ ਧਿਰ ਨੂੰ ਪਤਾ ਸੀ ਕਿ ਜੇਕਰ ਸਾਲਾਨਾ ਬਜਟ ’ਤੇ ਚਰਚਾ ਹੋਈ ਤਾਂ ਉਹ ਅੰਕੜਿਆਂ ਦੇ ਬਜਟ ’ਤੇ ਘਿਰ ਸਕਦੇ ਹਨ। ਨਗਰ ਨਿਗਮ ਹਾਊਸ ਦੀ ਗੁਰੂ ਨਾਨਕ ਦੇਵ ਭਵਨ ਵਿਖੇ ਹੋਈ ਮੀਟਿੰਗ ’ਚ ਮੇਅਰ ਪ੍ਰਿੰਪਲ ਇੰਦਰਜੀਤ ਕੌਰ ਤੈਅ ਸਮੇਂ ਤੋਂ 4 ਮਿੰਟ ਦੇਰੀ ਨਾਲ ਪੁੱਜੇ, ਜਿਸ ਤੋਂ ਬਾਅਦ ਸਾਰੇ ਰਾਸ਼ਟਰੀ ਗੀਤ ਲਈ ਖੜ੍ਹੇ ਹੋਏ। ਰਾਸ਼ਟਰੀ ਗੀਤ ਤੇ ਮੌਨ ਦਰਮਿਆਨ 7 ਮਿੰਟ ਨਿਕਲ ਗਏ ਤੇ 11:12 ਵਜੇ ਨਗਰ ਨਿਗਮ ਦੇ ਸਕੱਤਰ ਵਿਵੇਕ ਵਰਮਾ ਨੇ 2 ਮਿੰਟ ’ਚ ਹੀ ਬਜਟ ਪੜ੍ਹ ਦਿੱਤਾ, ਜਿਵੇਂ ਹੀ ਵਿਰੋਧੀ ਧਿਰ ਦੇ ਕੌਂਸਲਰ ਬਜਟ ’ਤੇ ਆਪਣੇ ਇਤਰਾਜ਼ ਦਰਜ ਕਰਵਾਉਦੇ ਹਾਊਸ ’ਚ ਹੰਗਾਮਾ ਸ਼ੁਰੂ ਹੋ ਗਿਆ। ਇਸ ਦਰਮਿਆਨ ਹੀ ਮੇਅਰ ਨੇ ਪ੍ਰਿੰਸੀਪਲ ਇੰਦਰਜੀਤ ਕੌਰ ਨੇ 1258.80 ਕਰੋੜ ਰੁਪਏ ਦਾ ਸਾਲਾਨਾ ਬਜਟ ਤੇ ਏਜੰਡਾਂ ਪਾਸ ਕਰਨ ਦਾ ਐਲਾਨ ਕਰਦੇ ਹੋਏ ਮੀਟਿੰਗ ਸਮਾਪਤ ਕਰ ਦਿੱਤੀ ਤੇ ਨਾਲ ਹੀ ਮੇਅਰ, ਵਿਧਾਇਕ ਤੇ ਨਗਰ ਨਿਗਮ ਅਧਿਕਾਰੀ ਗੁਰੂ ਨਾਨਕ ਭਵਨ ਦੇ ਹਾਲ ਤੋਂ ਬਾਹਰ ਨਿਕਲ ਗਏ। ਬਾਕਸ-- ਵਿਰੋਧੀ ਪਾਰਟੀ ਨੇ ਬਜਟ ਪਾਸ ਕਰਨ ਦੇ ਤਰੀਕੇ ਨੂੰ ਦੱਸਿਆ ਲੋਕਤੰਤਰ ਦਾ ਘਾਣ ਨਗਰ ਨਿਗਮ ਦੇ ਬਜਟ ਸੈਸ਼ਨ ਦੌਰਾਨ ਚਰਚਾ ਨਾ ਹੋਣ ਨੂੰ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਇਸ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਬਜਟ ’ਚ ਕਈ ਅੰਕੜੇ ਅਜਿਹੇ ਹਨ, ਜਿਨ੍ਹਾਂ ਦਾ ਮੇਅਰ ਤੇ ਅਧਿਕਾਰੀਆਂ ਕੋਲ ਕੋਈ ਜਵਾਬ ਨਹੀਂ ਸੀ, ਜਿਸ ਨੂੰ ਦੇਖਦੇ ਹੋਏ ਸੱਤਾ ਧਿਰ ਬਜਟ ਤੇ ਬਹਿਸ ਕਰਵਾਉਣ ਤੋ ਭੱਜ ਗਈ। -ਜਨਰਲ ਹਾਊਸ ਦੀ ਮੀਟਿੰਗ ’ਚ 6 ਟੇਬਲ ਏਜੰਡੇ ਪੇਸ਼ ਕੀਤੇ ਗਏ, ਜਿਨ੍ਹਾਂ ’ਚ ਸ਼ਿਵ ਪੁਰੀ ਰੋਡ ਨੂੰ ਵਪਾਰਕ ਐਲਾਨਣਾਂ, ਸਵੀਪਿੰਗ ਮਸ਼ੀਨਾਂ ਨਾਲ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਸਫਾਈ, ਸਵੀਪਿੰਗ ਮਸ਼ੀਨਾਂ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਫਾਈ, ਘਰਾਂ ਦਾ ਕੂੜਾ ਚੁੱਕਣਾ। ਬਾਕਸ-- ਆਲ ਪਾਰਟੀ ਮੀਟਿੰਗ ’ਚ ਬਜਟ ਤੇ ਕੀਤੀ ਜਾ ਚੁੱਕੀ ਸੀ ਵਿਸਥਾਰ ਨਾਲ ਚਰਚਾ : ਮੇਅਰ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਕਹਿਣਾ ਹੈ ਕਿ ਸਾਰੇ ਕੌਂਸਲਰਾਂ ਨੂੰ ਬਜਟ ਭੇਜਣ ਤੋਂ ਇਸ ’ਤੇ ਚਰਚਾ ਕਰਨ ਲਈ ਸੋਮਵਾਰ ਨੂੰ ਆਲ ਪਾਰਟੀ ਮੀਟਿੰਗ ਬੁਲਾਈ ਗਈ ਸੀ, ਜਿਸ ’ਚ ਸਾਰੀਆਂ ਪਾਰਟੀਆਂ ਦੇ ਕੌਂਸਲਰ ਹਾਜ਼ਰ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਆਲ ਪਾਰਟੀ ਮੀਟਿੰਗ ’ਚ ਬਜਟ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿਸ ਕੌਂਸਲਰ ਨੇ ਬਜਟ ’ਤੇ ਸਵਾਲ ਉਠਾਇਆ ਉਸ ਸਵਾਲ ਦਾ ਜਵਾਬ ਦੇ ਕੇ ਸਬੰਧਤ ਕੌਂਸਲਰ ਦੀ ਸੰਤੁਸ਼ਟੀ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਇਕ ਦਿਨ ਪਹਿਲਾ ਆਲ ਪਾਰਟੀ ਮੀਟਿੰਗ ’ਚ ਢਾਈ ਘੰਟੇ ਤੱਕ ਵਿਸਥਾਰ ਨਾਲ ਬਜਟ ’ਤੇ ਚਰਚਾ ਕੀਤੀ ਗਈ ਸੀ ਤਾਂ ਅੱਜ ਮੁੜ ਤੋਂ ਉਨ੍ਹਾਂ ਸਵਾਲਾਂ ਦਾ ਕੀ ਮਤਲਬ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਕੌਂਸਲਰ ਹਾਊਸ ’ਚ ਹੰਗਾਮਾ ਕਰਨਾ ਚਹੁੰਦੇ ਸਨ ਜੋ ਉਨ੍ਹਾਂ ਨਹੀਂ ਹੋਣ ਦਿੱਤਾ।