ਨਗਰ ਨਿਗਮ ਨੇ 6 ਵਪਾਰਕ ਇਮਾਰਤਾਂ ਨੂੰ ਲਾਈਆਂ ਸੀਲਾਂ
ਸੀਐਲਯੂ ਅਤੇ ਹੋਰ ਬਕਾਇਆ ਨਾ ਜਮ੍ਹਾ ਹੋਣ 'ਤੇ ਨਗਰ ਨਿਗਮ ਨੇ 6 ਵਪਾਰਕ ਇਮਾਰਤਾਂ ਨੂੰ ਲਾਈਆਂ ਸੀਲਾਂ
Publish Date: Thu, 15 Jan 2026 09:54 PM (IST)
Updated Date: Thu, 15 Jan 2026 09:57 PM (IST)

ਸੀਐਲਯੂ ਅਤੇ ਹੋਰ ਬਕਾਇਆ ਨਾ ਜਮ੍ਹਾ ਹੋਣ ਤੇ ਕੀਤੀ ਕਾਰਵਾਈ ਫੋਟੋ 25, 26 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਜਾਰੀ ਰੱਖਦੇ ਹੋਏ, ਨਗਰ ਨਿਗਮ ਨੇ ਵੀਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ 6 ਵਪਾਰਕ ਇਮਾਰਤਾਂ ਨੂੰ ਸੀਲ ਕਰ ਦਿੱਤਾ। ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਜ਼ੋਨ ਡੀ ਦੀ ਬਿਲਡਿੰਗ ਸ਼ਾਖਾ ਵੱਲੋਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਕਾਰਵਾਈ ਦੌਰਾਨ ਜ਼ੋਨ ਡੀ ਦੀ ਬਿਲਡਿੰਗ ਬ੍ਰਾਂਚ ਬਾੜੇਵਾਲ ਰੋਡ ਤੇ ਦੋ ਇਮਾਰਤਾਂ, 200 ਫੁੱਟ ਰੋਡ ਤੇ ਦੋ ਅਤੇ ਇੱਕ-ਇੱਕ ਮੈਗਨੇਟ ਰਿਜ਼ੋਰਟ ਰੋਡ ਅਤੇ ਫਿਰੋਜ਼ਪੁਰ ਰੋਡ ਤੇ ਸੀਲ ਕੀਤੀਆਂ ਗਈਆਂ ਹਨ। ਨਗਰ ਨਿਗਮ ਜ਼ੋਨ ਡੀ ਦੀ ਬਿਲਡਿੰਗ ਬ੍ਰਾਂਚ ਦੇ ਸਹਾਇਕ ਨਗਰ ਯੋਜਨਾਕਾਰ ਹਰਵਿੰਦਰ ਸਿੰਘ ਥਾਂਦੀ ਹਨੀ ਨੇ ਦੱਸਿਆ ਕਿ ਇਨ੍ਹਾਂ ਬਿਲਡਿੰਗਾਂ ਦੇ ਖਿਲਾਫ ਇਸ ਲਈ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਨ੍ਹਾਂ ਦੇ ਮਾਲਕਾਂ ਨੇ ਭੂਮੀ ਵਰਤੋਂ ਤਬਦੀਲੀ (ਸੀਐਲਯੂ) ਚਾਰਜਿਜ਼ ਸਮੇਤ ਬਕਾਇਆ ਰਾਸ਼ੀ ਜਮ੍ਹਾਂ ਨਹੀਂ ਕਰਵਾਈ। ਜਿਸ ਤੋਂ ਬਾਅਦ ਸਾਰੇ ਮਾਮਲੇ ਦੀ ਰਿਪੋਰਟ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੂੰ ਦਿੱਤੀ। ਜਿਸ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਵੱਲੋਂ ਉਕਤ ਬਿਲਡਿੰਗਾਂ ਖਿਲਾਫ ਕਾਰਵਾਈ ਲਈ ਦਿੱਤੇ ਹੁਕਮਾਂ ਤੇ ਕਾਰਵਾਈ ਕਰਦੇ ਹੋਏ 6 ਵਪਾਰਕ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਕਿਸੇ ਤਰ੍ਹਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ, ਨਹੀਂ ਤਾਂ ਨਿਯਮਾਂ ਦੀ ਉਲੰਘਣਾ ਕਰ ਗੈਰ-ਕਾਨੂੰਨੀ ਉਸਾਰੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।