ਨਗਰ ਨਿਗਮ ਨੇ ਨਿਰਮਾਣ ਅਧੀਨ ਗੈਰ-ਕਾਨੂੰਨੀ ਕਾਲੋਨੀ ’ਤੇ ਚਲਾਇਆ ਪੀਲਾ ਪੰਜਾ
ਨਗਰ ਨਿਗਮ ਨੇ ਦੁਰਗਾ ਕਲੋਨੀ ਵਿੱਚ ਨਿਰਮਾਣ ਅਧੀਨ ਗੈਰ-ਕਾਨੂੰਨੀ ਕਲੋਨੀ ਤੇ ਚਲਾਇਆ ਪੀਲਾ ਪੰਜਾਂ
Publish Date: Fri, 13 Mar 2026 10:04 PM (IST)
Updated Date: Fri, 13 Mar 2026 10:06 PM (IST)

- ਕਾਰਵਾਈ ਦੌਰਾਨ ਪਾਣੀ, ਸੀਵਰੇਜ ਦੀਆਂ ਲਾਈਨਾਂ ਅਤੇ ਨਿਰਮਾਣ ਅਧੀਨ ਬਿਲਡਿੰਗਾਂ ਨੂੰ ਤੋੜਿਆ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਵਿੱਚ ਇਮਾਰਤੀ ਕਾਨੂੰਨ ਅਤੇ ਪਾਪਰਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਗਰ ਨਿਗਮ ਨੇ ਸਖਤ ਰੁਖ ਅਖਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਬੀਤੇ 10 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਦੀ ਬਿਲਡਿਗ ਬ੍ਰਾਂਚ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਨਗਰ ਨਿਗਮ ਜ਼ੋਨ ਬੀ ਦੀ ਟੀਮ ਬਿਨਾਂ ਮਨਜ਼ੂਰੀ ਦੇ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ’ਤੇ ਕਾਰਵਾਈ ਕਰਦੇ ਹੋਏ ਜੇਸੀਬੀ ਮਸ਼ੀਨ ਦਾ ਪੀਲਾ ਪੰਜਾ ਚਲਾ ਦਿੱਤਾ। ਨਗਰ ਨਿਗਮ ਦੇ ਜ਼ੋਨ ਬੀ ਦੀ ਟੀਮ ਨੇ ਇਹ ਕਾਰਵਾਈ ਜ਼ੋਨ ਅਧੀਨ ਆਉਂਦੇ ਦੁਰਗਾ ਕਾਲੋਨੀ ਇਲਾਕੇ ਵਿੱਚ ਕੀਤੀ ਜਿੱਥੇ ਇੱਕ ਨਿਰਮਾਣ ਅਧੀਨ ਗੈਰ-ਕਾਨੂੰਨੀ ਕਾਲੋਨੀ ਨੂੰ ਢਾਹਿਆ। ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਨਿਰਦੇਸ਼ਾਂ ’ਤੇ ਜ਼ੋਨ ਬੀ ਦੀ ਟੀਮ ਵੱਲੋਂ ਨਾਜਾਇਜ਼ ਕਾਲੋਨੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਕਾਰਵਾਈ ਦੌਰਾਨ ਨਗਰ ਨਿਗਮ ਜ਼ੋਨ ਬੀ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਨੇ ਨਾਜਾਇਜ਼ ਕਾਲੋਨੀ ਵਿੱਚ ਵਿਛਾਈਆਂ ਜਾ ਰਹੀਆਂ ਪਾਣੀ ਸੀਵਰੇਜ ਲਾਈਨਾਂ ਨੂੰ ਉਖਾੜ ਦਿੱਤਾ ਅਤੇ ਕਾਲੋਨੀ ਵਿੱਚ ਸਥਾਪਿਤ ਕੀਤੇ ਜਾ ਰਹੇ ਬਿਲਡਿੰਗਾਂ ਦੇ ਢਾਂਚੇ ਵੀ ਢਾਹ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਗੈਰ-ਕਾਨੂੰਨੀ ਕਾਲੋਨੀਆਂ ਵਿੱਚ ਪਲਾਟ ਨਾ ਖ਼ਰੀਦਣ ਦੀ ਅਪੀਲ ਕੀਤੀ ਹੈ। ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਗੈਰ-ਕਾਨੂੰਨੀ ਉਸਾਰੀਆਂ ਅਤੇ ਨਾਜਾਇਜ਼ ਕਾਲੋਨੀਆਂ ਵਿਰੁੱਧ ਕਾਰਵਾਈ ਦੀ ਮੁਹਿੰਮ ਜਾਰੀ ਰਹੇਗੀ। ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਨਿਰਮਾਣ ਕਾਰਜ ਸ਼ੁਰੂ ਕਰਨ ਨਹੀਂ ਤਾਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।