ਨਿਗਮ ਕਮਿਸ਼ਨਰ ਨੇ ਡਿਜੀਟਲ ਜਨਗਣਨਾ ਲਈ ਅਧਿਕਾਰੀਆਂ ਨੂੰ ਤਿਆਰੀਆਂ ਪੂਰੀਆਂ ਕਰਨ ਦੇ ਦਿੱਤੇ ਨਿਰਦੇਸ਼
ਨਗਰ ਨਿਗਮ ਕਮਿਸ਼ਨਰ ਨੇ ਡਿਜੀਟਲ ਜਨਗਣਨਾ ਲਈ ਅਧਿਕਾਰੀਆਂ ਨੂੰ ਤਿਆਰੀਆਂ ਪੂਰੀਆਂ ਕਰਨ ਦੇ ਦਿੱਤੇ ਨਿਰਦੇਸ਼
Publish Date: Thu, 19 Mar 2026 10:55 PM (IST)
Updated Date: Fri, 20 Mar 2026 04:17 AM (IST)

* ਰਾਸ਼ਟਰੀ ਜਨਗਣਨਾ ਦਾ ਪਹਿਲਾ ਪੜਾਅ, ਘਰ ਸੂਚੀਕਰਨ ਤੇ ਰਿਹਾਇਸ਼ੀ ਜਨਗਣਨਾ 15 ਮਈ ਤੋਂ ਹੋਵੇਗਾ ਸ਼ੁਰੂ ਫੋਟੋ- 31 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਅਧਿਕਾਰੀਆਂ ਵੱਲੋਂ ਡਿਜੀਟਲ ਜਨਗਣਨਾ-2027 ਲਈ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਵੀਰਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਜ਼ਮੀਨੀ ਪੱਧਰ ਦੀਆਂ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੇ ਸਬੰਧਤ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਰਾਸ਼ਟਰੀ ਜਨਗਣਨਾ ਦਾ ਪਹਿਲਾ ਪੜਾਅ-ਘਰ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ 15 ਮਈ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ ਗਿਣਤੀਕਾਰ ਫੀਲਡ ਸਰਵੇਖਣ ਦੌਰਾਨ ਵਸਨੀਕਾਂ ਤੋਂ 33 ਸਵਾਲ ਪੁੱਛਣਗੇ। ਮੀਟਿੰਗ ਵਿੱਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ-ਕਮ-ਨੋਡਲ ਅਫ਼ਸਰ (ਜਨਗਣਨਾ) ਵਿਨੀਤ ਕੁਮਾਰ, ਜ਼ੋਨਲ ਕਮਿਸ਼ਨਰਜ਼-ਕਮ-ਜਨਗਣਨਾ ਚਾਰਜ ਅਫ਼ਸਰਜ਼ ਅਮਨਪ੍ਰੀਤ ਸਿੰਘ, ਨੀਰਜ ਜੈਨ, ਗੁਰਪਾਲ ਸਿੰਘ, ਜਸਦੇਵ ਸੇਖੋਂ, ਐਮ.ਟੀ.ਪੀ ਵਿਜੇ ਕੁਮਾਰ, ਸੁਪਰਡੈਂਟ ਤਰੁਣ ਗੋਇਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਦੱਸਿਆ ਕਿ ਰਾਸ਼ਟਰੀ ਜਨਗਣਨਾ ਨੂੰ ਸੁਚਾਰੂ ਅਤੇ ਸਫਲ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਨਗਣਨਾ ਦੇ ਚਾਰਜ ਅਫ਼ਸਰਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰਨ ਅਤੇ ਪਹਿਲਾਂ ਤੋਂ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਵਿਸਥਾਰਤ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਸੰਦਰਭ ਵਿੱਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਧਿਕਾਰੀਆਂ ਨੂੰ ਆਪਣੀ ਡਿਊਟੀ ਸਮਰਪਣ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਦਾ ਨਿਰਦੇਸ਼ ਦਿੰਦੇ ਹੋਏ ਨਗਰ ਨਿਗਮ ਦੇ ਕਮਿਸ਼ਨਰ ਡਾ. ਗੁਪਤਾ ਨੇ ਜਨਤਾ ਨੂੰ ਪ੍ਰਕਿਰਿਆ ਦੌਰਾਨ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। ਕੇਂਦਰੀ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ 33 ਸਵਾਲ ਸ਼ਹਿਰ ਵਾਸੀਆਂ ਤੋਂ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਵਿੱਚ ਇਮਾਰਤ ਨੰਬਰ, ਜਨਗਣਨਾ ਘਰ ਨੰਬਰ, ਜਨਗਣਨਾ ਘਰ ਦੇ ਫਰਸ਼ ਦੀ ਪ੍ਰਮੁੱਖ ਸਮੱਗਰੀ, ਜਨਗਣਨਾ ਘਰ ਦੀ ਕੰਧ ਦੀ ਪ੍ਰਮੁੱਖ ਸਮੱਗਰੀ, ਜਨਗਣਨਾ ਘਰ ਦੀ ਛੱਤ ਦੀ ਪ੍ਰਮੁੱਖ ਸਮੱਗਰੀ, ਜਨਗਣਨਾ ਘਰ ਦੀ ਨਿਸ਼ਚਤ ਵਰਤੋਂ ਦਾ ਪਤਾ ਲਗਾਉਣਾ, ਜਨਗਣਨਾ ਘਰ ਦੀ ਸਥਿਤੀ ਅਤੇ ਘਰੇਲੂ ਨੰਬਰ ਸ਼ਾਮਲ ਹਨ। ਇਸ ਤੋਂ ਇਲਾਵਾ, ਵਸਨੀਕਾਂ ਤੋਂ ਘਰ ਵਿੱਚ ਆਮ ਤੌਰ ਤੇ ਰਹਿਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ, ਪਰਿਵਾਰ ਦੇ ਮੁਖੀ ਦਾ ਨਾਮ, ਘਰ ਦੇ ਮੁਖੀ ਦਾ ਲਿੰਗ, ਕੀ ਘਰ ਦਾ ਮੁਖੀ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ/ਹੋਰ ਨਾਲ ਸਬੰਧਤ ਹੈ, ਜਨਗਣਨਾ ਘਰ ਦੀ ਮਾਲਕੀ ਸਥਿਤੀ, ਘਰਦਿਆਂ ਦੇ ਕਬਜ਼ੇ ਵਿੱਚ ਵਿਸ਼ੇਸ਼ ਤੌਰ ਤੇ ਰਹਿਣ ਵਾਲੇ ਕਮਰਿਆਂ ਦੀ ਗਿਣਤੀ, ਘਰ ਵਿੱਚ ਰਹਿਣ ਵਾਲੇ ਵਿਆਹੇ ਜੋੜਿਆਂ ਦੀ ਗਿਣਤੀ ਬਾਰੇ ਵੀ ਪੁੱਛਿਆ ਜਾਵੇਗਾ। ਹੋਰ ਸਵਾਲਾਂ ਵਿੱਚ ਪੀਣ ਵਾਲੇ ਪਾਣੀ ਦਾ ਮੁੱਖ ਸਰੋਤ, ਪੀਣ ਵਾਲੇ ਪਾਣੀ ਦੇ ਸਰੋਤ ਦੀ ਉਪਲਬਧਤਾ, ਰੋਸ਼ਨੀ ਦਾ ਮੁੱਖ ਸਰੋਤ, ਪਖਾਨੇ ਤੱਕ ਪਹੁੰਚ, ਪਖਾਨੇ ਦੀ ਕਿਸਮ, ਗੰਦੇ ਪਾਣੀ ਦੇ ਨਿਕਾਸ, ਨਹਾਉਣ ਦੀ ਸਹੂਲਤ ਦੀ ਉਪਲਬਧਤਾ, ਰਸੋਈ ਅਤੇ ਐਲਪੀਜੀ/ਪੀਐਨਜੀ ਕਨੈਕਸ਼ਨ ਦੀ ਉਪਲਬਧਤਾ, ਖਾਣਾ ਪਕਾਉਣ ਲਈ ਵਰਤਿਆ ਜਾਣ ਵਾਲਾ ਮੁੱਖ ਬਾਲਣ, ਰੇਡੀਓ/ਟ੍ਰਾਂਜ਼ਿਸਟਰ, ਟੈਲੀਵਿਜ਼ਨ, ਇੰਟਰਨੈੱਟ ਤੱਕ ਪਹੁੰਚ, ਲੈਪਟਾਪ/ਕੰਪਿਊਟਰ, ਟੈਲੀਫ਼ੋਨ/ਮੋਬਾਇਲ ਫ਼ੋਨ/ਸਮਾਰਟਫ਼ੋਨ, ਸਾਈਕਲ/ਸਕੂਟਰ/ਮੋਟਰਸਾਈਕਲ/ਮੋਪੇਡ, ਕਾਰ/ਜੀਪ/ਵੈਨ, ਘਰ ਵਿੱਚ ਖਪਤ ਹੋਣ ਵਾਲਾ ਮੁੱਖ ਅਨਾਜ ਅਤੇ ਮੋਬਾਈਲ ਨੰਬਰ (ਸਿਰਫ਼ ਜਨਗਣਨਾ ਨਾਲ ਸਬੰਧਤ ਸੰਚਾਰ ਲਈ) ਸ਼ਾਮਲ ਹਨ।