ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ਸਬੰਧੀ ਰਾਜਪਾਲ ਨੂੰ ਮਿਲੇ ਮੁਹੰਮਦ ਗੁਲਾਬ
ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ਸਬੰਧੀ ਰਾਜਪਾਲ ਨੂੰ ਮਿਲੇ ਮੁਹੰਮਦ ਗੁਲਾਬ
Publish Date: Sun, 22 Feb 2026 05:19 PM (IST)
Updated Date: Mon, 23 Feb 2026 04:07 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ,
ਲੁਧਿਆਣਾ : ਪੰਜਾਬ ਵਿੱਚ ਮੁਸਲਿਮ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਲੰਬਿਤ ਮਸਲਿਆਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਮੁਹੰਮਦ ਗੁਲਾਬ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇੱਕ ਮੈਮੋਰੈਂਡਮ ਸੌਂਪਿਆ, ਜਿਸ ਵਿੱਚ ਮਲੇਰਕੋਟਲਾ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ, ਪੰਜਾਬ ਉਰਦੂ ਅਕਾਦਮੀ ਨੂੰ ਪੂਰੇ ਰਾਜ ਵਿੱਚ ਸਰਗਰਮ ਕਰਨ ਅਤੇ ਚੰਡੀਗੜ੍ਹ ਤੋਂ ਸਿੱਧੀਆਂ ਹਜ ਉਡਾਣਾਂ ਦੀ ਸ਼ੁਰੂਆਤ ਵਰਗੀਆਂ ਮਹੱਤਵਪੂਰਨ ਮੰਗਾਂ ’ਤੇ ਤੁਰੰਤ ਦਖਲ ਦੀ ਅਪੀਲ ਕੀਤੀ ਗਈ ਹੈ। ਮੈਮੋਰੈਂਡਮ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਨੇ ਜ਼ਿਲ੍ਹਾ ਮਲੇਰਕੋਟਲਾ ਵਿੱਚ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ, ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਯੋਜਨਾ ‘ਤੇ ਕੋਈ ਢੁਕਵੀਂ ਕਾਰਵਾਈ ਨਹੀਂ ਹੋ ਸਕੀ। ਮੁਹੰਮਦ ਗੁਲਾਬ ਨੇ ਰਾਜਪਾਲ ਨਾਲ ਗੱਲਬਾਤ ਦੌਰਾਨ ਪੰਜਾਬ ਉਰਦੂ ਅਕਾਦਮੀ ਦਾ ਮਸਲਾ ਵੀ ਉਭਾਰਦੇ ਹੋਏ ਕਿਹਾ ਕਿ ਉਰਦੂ ਭਾਸ਼ਾ, ਸਾਹਿਤ ਅਤੇ ਸੰਸਕ੍ਰਿਤੀ ਦੇ ਪ੍ਰਚਾਰ-ਪ੍ਰਸਾਰ ਲਈ ਮਨਜ਼ੂਰ ਕੀਤੀ ਗਈ ਗ੍ਰਾਂਟ ਦੇ ਬਾਵਜੂਦ ਅਕਾਦਮੀ ਨੂੰ ਪੂਰੇ ਪੰਜਾਬ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਸਰਗਰਮ ਨਹੀਂ ਕੀਤਾ ਗਿਆ, ਜਿਸ ਕਾਰਨ ਉਰਦੂ ਨਾਲ ਜੁੜੇ ਵਰਗਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਤੀਜੀ ਮਹੱਤਵਪੂਰਨ ਮੰਗ ਵਜੋਂ ਚੰਡੀਗੜ੍ਹ ਤੋਂ ਸਿੱਧੀਆਂ ਹਜ ਉਡਾਣਾਂ ਦੀ ਸ਼ੁਰੂਆਤ ‘ਤੇ ਜ਼ੋਰ ਦਿੱਤਾ ਗਿਆ। ਮੁਹੰਮਦ ਗੁਲਾਬ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮਾਮਲਿਆਂ ਦੀ ਸੰਬੰਧਿਤ ਵਿਭਾਗਾਂ ਤੋਂ ਰਿਪੋਰਟ ਤਲਬ ਕਰਨ ਅਤੇ ਵਾਅਦਿਆਂ ਅਤੇ ਕਲਿਆਣਕਾਰੀ ਯੋਜਨਾਵਾਂ ਦੇ ਸਮੇਂ-ਬੱਧ ਅਤੇ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਲੋੜੀਂਦੇ ਨਿਰਦੇਸ਼ ਜਾਰੀ ਕਰਨ। ਇਸ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਮਾਮਲੇ ਵਿੱਚ ਯੋਗ ਕਦਮ ਚੁੱਕਣ ਦਾ ਭਰੋਸਾ ਦਿੱਤਾ।