ਕਾਰ ਦੀ ਲਪੇਟ ’ਚ ਆਏ ਮੋਟਰਸਾਈਕਲ ਸਵਾਰ ਦੀ ਹੋਈ ਮੌਤ
ਕਾਰ ਦੀ ਲਪੇਟ ਵਿੱਚ ਆਏ ਮੋਟਰਸਾਈਕਲ ਸਵਾਰ ਦੀ ਹੋਈ ਮੌਤ
Publish Date: Wed, 25 Mar 2026 07:26 PM (IST)
Updated Date: Thu, 26 Mar 2026 04:08 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਤੋਂ ਜਲੰਧਰ ਜਾਣ ਵਾਲੀ ਜੀਟੀ ਰੋਡ ਕਿਨਾਰੇ ਐਲਡੀਗੋ ਸਟੇਟ ਕਾਲੋਨੀ ਕੋਲ ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਨ ਸੜਕ ’ਤੇ ਜਾ ਰਹੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਹਾਦਸੇ ’ਚ ਜਾਨ ਗੁਆਉਣ ਵਾਲੇ ਮੋਟਰਸਾਈਕਲ ਸਵਾਰ ਦੀ ਪਛਾਣ ਕੁਲਦੀਪ ਰਾਮ (30) ਵਜੋਂ ਹੋਈ ਹੈ। ਉਕਤ ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਲੇਮ ਟਾਬਰੀ ਪੁਲਿਸ ਨੇ ਮ੍ਰਿਤਕ ਦੇ ਮਾਮਾ ਨਵਾਂਸ਼ਹਿਰ ਵਾਸੀ ਪ੍ਰੇਮ ਲਾਲ ਦੇ ਬਿਆਨ ਉੱਪਰ ਕਾਰ ਚਾਲਕ ਖ਼ਿਲਾਫ਼ ਸੰਗੀਨ ਦੋਸ਼ਾਂ ਤਹਿਤ ਪਰਚਾ ਦਰਜ ਕਰ ਦਿੱਤਾ ਹੈ। ਸ਼ਿਕਾਇਤਕਰਤਾ ਪ੍ਰੇਮ ਲਾਲ ਮੁਤਾਬਕ ਉਸ ਦਾ ਭਾਣਜਾ ਕੁਲਦੀਪ ਰਾਮ ਦੁਰਘਟਨਾ ਵਾਲੇ ਦਿਨ ਲੁਧਿਆਣਾ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਟਰੱਕ ਦਾ ਸਪੇਅਰ ਪਾਰਟ ਮੁਰੰਮਤ ਕਰਵਾ ਕੇ ਵਾਪਸ ਫਿਲੌਰ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦ ਉਸ ਦਾ ਭਾਣਜਾ ਜੀਟੀ ਰੋਡ ਐਲਡੀਕੋ ਸਟੇਟ ਕਾਲੋਨੀ ਕੋਲੋਂ ਲੰਘ ਰਿਹਾ ਸੀ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਆਰਟੀਗਾ ਕਾਰ ਦੇ ਚਾਲਕ ਨੇ ਤੇਜ਼ ਰਫਤਾਰੀ ਤੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਉਸ ਦੇ ਭਾਣਜੇ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ’ਚ ਕੁਲਦੀਪ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਸੋਭਤੀ ਹਸਪਤਾਲ ਭਰਤੀ ਕਰਵਾਇਆ ਗਿਆ। ਦੋ ਦਿਨ ਤੱਕ ਹਸਪਤਾਲ ’ਚ ਜ਼ੇਰੇ ਇਲਾਜ ਰਹਿਣ ਮਗਰੋਂ ਉਸ ਦਾ ਭਾਣਜਾ ਦਮ ਤੋੜ ਗਿਆ। ਉਕਤ ਦੁਰਘਟਨਾ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਹਰਮੇਸ਼ ਲਾਲ ਮਤਾਬਕ ਮੌਕੇ ਤੋਂ ਮਿਲੇ ਸੁਰਾਗਾਂ ਦੇ ਆਧਾਰ ਤੇ ਦੁਰਘਟਨਾ ਲਈ ਜਿੰਮੇਵਾਰ ਮਲਜਮ ਦੀ ਕਾਰ ਦਾ ਨੰਬਰ ਪਤਾ ਕਰਕੇ ਉਸਦੇ ਚਾਲਕ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ, ਜਲਦੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। --