ਮੋਟਰਸਾਈਕਲ ਸਵਾਰਾਂ ਨੇ ਔਰਤ ਕੋਲੋਂ ਲੁੱਟੀ ਨਕਦੀ
ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਔਰਤ ਕੋਲੋਂ ਲੁੱਟੀ ਨਕਦੀ
Publish Date: Thu, 19 Mar 2026 09:05 PM (IST)
Updated Date: Fri, 20 Mar 2026 04:16 AM (IST)

* ਪਤੀ ਸਾਹਮਣੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ * ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਫਿਰੋਜ਼ਪੁਰ ਰੋਡ ਸਥਿਤ ਨਾਗਪਾਲ ਰਿਜੈਂਸੀ ਬਿਲਕੁਲ ਸਾਹਮਣੇ ਮੋਟਰਸਾਈਕਲ ਸਵਾਰਾਂ ਨੇ ਇਕ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ 50 ਹਜ਼ਾਰ ਰੁਪਏ ਦੀ ਨਕਦੀ, ਕ੍ਰੈਡਿਟ ਕਾਰਡ ਤੇ ਕੁਝ ਜ਼ਰੂਰੀ ਦਸਤਾਵੇਜ ਲੁੱਟ ਲਏ। ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਉਸ ਵੇਲੇ ਦਿੱਤਾ ਜਦੋਂ ਮਹਿਲਾ ਆਪਣੇ ਪਤੀ ਨਾਲ ਨਾਗਪਾਲ ਰਿਜੈਂਸੀ ਦੇ ਬਿਲਕੁਲ ਬਾਹਰ ਮੌਜੂਦ ਸੀ। ਇਸ ਮਾਮਲੇ ’ਚ ਥਾਣਾ-8 ਦੀ ਪੁਲਿਸ ਨੇ ਕਾਕੋਵਾਲ ਰੋਡ ਸੰਤ ਸਿੰਘ ਚੀਮਾ ਨਗਰ ਵਾਸੀ ਗੁਰਮੀਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ-8 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਹਰਮਿੰਦਰ ਸਿੰਘ ਨਾਲ ਕਾਰ ’ਚ ਸਵਾਰ ਹੋ ਕੇ ਇਹ ਹੋਟਲ ਨਾਗਪਾਲ ਰਿਜੈਂਸੀ ਆਏ ਸਨ। ਉਹ ਆਪਣੀ ਕਾਰ ਪਾਰਕਿੰਗ ਵਿੱਚ ਲਗਾ ਕੇ ਜਿਵੇਂ ਹੀ ਬਾਹਰ ਨਿਕਲਣ ਲੱਗੇ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਨੇ ਔਰਤ ਦਾ ਪਰਸ ਝਪਟ ਲਿਆ। ਮਹਿਲਾ ਤੇ ਉਸ ਦੇ ਪਤੀ ਹਰਮਿੰਦਰ ਸਿੰਘ ਨੇ ਰੌਲਾ ਪਾਇਆ, ਪਰ ਤੇਜ਼ ਤਰਾਰ ਬਦਮਾਸ਼ ਅੱਖ ਝਪਕਦੇ ਹੀ ਮੌਕੇ ਤੋਂ ਫਰਾਰ ਹੋ ਗਏ। ਔਰਤ ਦੇ ਮੁਤਾਬਕ ਉਸ ਦੇ ਪਰਸ ’ਚ ਕ੍ਰੈਡਿਟ ਕਾਰਡ, 50 ਹਜ਼ਾਰ ਦੀ ਰਕਮ ਤੇ ਕੁਝ ਜ਼ਰੂਰੀ ਦਸਤਾਵੇਜ਼ ਸਨ। ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ-8 ਦੀ ਪੁਲਿਸ ਨੇ ਗੁਰਮੀਤ ਕੌਰ ਦੀ ਸ਼ਿਕਾਇਤ ਲੈ ਕੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਬਦਮਾਸ਼ਾਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।