ਮਾਤਾ ਭਾਸ਼ਾ ਹੀ ਹੁੰਦੀ ਹੈ ਕੌਮ ਦੀ ਆਨ ਅਤੇ ਸ਼ਾਨ: ਤ੍ਰੈਲੋਚਨ ਲੋਚੀ
ਮਾਤਾ ਭਾਸ਼ਾ ਹੀ ਹੁੰਦੀ ਹੈ ਕੌਮ ਦੀ ਆਨ ਅਤੇ ਸ਼ਾਨ -ਤ੍ਰੈਲੋਚਨ ਲੋਚੀ
Publish Date: Thu, 12 Feb 2026 06:39 PM (IST)
Updated Date: Thu, 12 Feb 2026 06:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ 21 ਫਰਵਰੀ ਨੂੰ ਮਾਤ ਭਾਸ਼ਾ ਮਨਾਉਣ ਸਬੰਧੀ ਹੋਈ ਇੱਕ ਇਕੱਤਰਤਾ ਵਿੱਚ ਪੰਜਾਬੀ ਸ਼ਾਇਰ ਤ੍ਰੈਲੋਚਨ ਲੋਚੀ ਨੇ ਆਖਿਆ ਕਿ ਸਾਡੀ ਮਾਤਾ ਭਾਸ਼ਾ ਹੀ ਸਾਡਾ ਮਾਣ ਹੈ, ਅਸਲ ਵਿਚ ਮਾਤਾ ਭਾਸ਼ਾ ਹੀ ਕਿਸੇ ਕੌਮ ਦੀ ਆਨ ਤੇ ਸ਼ਾਨ ਹੁੰਦੀ ਹੈ। ਸਾਡੀ ਭਾਸ਼ਾ ਬਹੁਤ ਹੀ ਅਮੀਰ ਹੈ ਭਾਸ਼ਾ ਹੈ। ਜਿਸ ਭਾਸ਼ਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਫ਼ਰੀਦ ਜੀ ਤੇ ਬੁੱਲ੍ਹੇ ਸ਼ਾਹ ਨੇ ਆਪਣੇ ਸੱਚੇ ਸੁੱਚੇ ਬੋਲ ਉਚਾਰੇ ਹੋਣ, ਉੱਥੋਂ ਹੀ ਸਾਡੀ ਭਾਸ਼ਾ ਦੀ ਅਮੀਰੀ ਦਾ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ। ਉਨਾਂ ਦੇ ਸ਼ਲੋਕ, ਸ਼ਬਦ ਤੇ ਕਾਫ਼ੀਆਂ ਅੱਜ ਵੀ ਸਾਹਾਂ ਵਿੱਚ ਸਮਾਈਆਂ ਹੋਈਆਂ ਹਨ। ਉਨਾਂ ਅੱਗੇ ਕਿਹਾ ਕਿ ਇਸ ਧਰਤੀ ਤੇ ਜਿਹੜਾ ਵੀ ਸ਼ਖ਼ਸ ਆਪਣੀ ਮਾਤਾ ਭਾਸ਼ਾ ਤੋਂ ਮੁੱਖ ਮੋੜਦਾ ਹੈ, ਉਸਨੂੰ ਤਾਂ ਉਸਦੀ ਮਿੱਟੀ ਵੀ ਦੁਰਕਾਰ ਦਿੰਦੀ ਹੈ। ਇਸ ਮੌਕੇ ਉਨਾਂ ਆਪਣੇ ਕੁੱਝ ਕਾਵਿਕ ਬੋਲ ਵੀ ਸਾਂਝੇ ਕੀਤੇ। ਉਨਾਂ ਦੱਸਿਆ ਕਿ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ 21 ਫਰਵਰੀ ਨੂੰ ਮਾਤ ਭਾਸ਼ਾ ਮੇਲਾ ਕਰਵਾਇਆ ਜਾ ਰਿਹਾ ਹੈ, ਇਸ ਮੇਲੇ ਵਿੱਚ ਪੂਰੇ ਪੰਜਾਬ ਤੋਂ ਕਾਲਜ ਵਿਦਿਆਰਥੀ ਤੇ ਵਿਦਿਆਰਥਣਾਂ ਹਿੱਸਾ ਲੈ ਰਹੇ ਹਨ। ਡਾ. ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਅਗਵਾਈ ਹੇਠ ਇਸ ਮੇਲੇ ਦੀਆਂ ਤਿਆਰੀਆਂ ਬਹੁਤ ਹੀ ਜੋਸ਼ੋ ਖ਼ਰੋਸ਼ ਨਾਲ ਚੱਲ ਰਹੀਆਂ ਹਨ। ਉਹ ਅਤੇ ਡਾ. ਗੁਰਚਰਨ ਕੌਰ ਕੋਚਰ ਇਸ ਮੇਲੇ ਦੇ ਸੰਯੋਜਕ ਹਨ।