23 ਮਾਰਚ ਦੀ ਬਰਨਾਲਾ ਰੈਲੀ ਦੀ ਪਿੰਡਾਂ ’ਚ ਲਾਮਬੰਦੀ
23 ਮਾਰਚ ਦੀ ਬਰਨਾਲਾ ਰੈਲੀ ਦੀ ਪਿੰਡਾਂ ’ਚ ਲਾਮਬੰਦੀ
Publish Date: Sat, 21 Mar 2026 07:06 PM (IST)
Updated Date: Sun, 22 Mar 2026 04:13 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਤੇਈ ਮਾਰਚ ਨੂੰ ਸੂਬੇ ਭਰ ’ਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹਾਦਤ ਦਿਵਸ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਤੇ ਬਰਨਾਲਾ ਦੀ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਦਰਜਨਾਂ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਕਰਵਾਈ ਜਾ ਰਹੀ ਸਾਮਰਾਜ ਵਿਰੋਧੀ ਰੈਲੀ ਲਈ ਅੱਜ ਪਿੰਡਾਂ ’ਚ ਲਾਮਬੰਦੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜ਼ਿਲ੍ਹਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪਿੰਡ ਅਖਾੜਾ, ਭਮਾਲ, ਸਲੇਮਪੁਰਾ, ਸ਼ੇਖਦੋਲਤ, ਲੋਧੀਵਾਲ ਪਿੰਡਾਂ ’ਚ ਹੋਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਖੰਨਾ ਨੇ ਦੇਸ ਦੁਨੀਆਂ ਦੀ ਰਾਜਨੀਤਕ ਹਾਲਾਤ ਤੇ ਖੁਲ੍ਹ ਕੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਨ ਸਾਮਰਾਜ ਦੂਨੀਆਂ ਸਮੇਤ ਭਾਰਤ ਦੀ ਮੰਡੀ ਤੇ ਕਬਜ਼ਾ ਕਰਨ ਲਈ ਪਹਿਲਾਂ ਟੈਰਿਫ ਪਾਲਸੀ ਲੈ ਕੇ ਆਇਆ ਤੇ ਫਿਰ ਉਸ ਦੀ ਈਨ ਨਾ ਮੰਨਣ ਵਾਲੇ ਵੈਨਜ਼ੂਏਲਾ ਤੇ ਹਮਲਾ ਕਰਕੇ ਉਥੋਂ ਦੇ ਤੇਲ ਤੇ ਕਬਜ਼ਾ ਕੀਤਾ। ਹੁਣ ਇਜ਼ਰਾਈਲ ਤੇ ਅਮਰੀਕਾ ਖਾੜੀ ਦੇਸ਼ਾਂ ਦੇ ਅਪਣੇ ਫੋਜੀ ਅੱਡਿਆਂ ਰਾਹੀਂ ਇਰਾਨ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤਾ ਵਪਾਰ ਸਮਝੌਤਾ ਇਕ ਵਾਰ ਫਿਰ ਕਿਸਾਨੀ, ਖੇਤੀ ਦੀ ਮੌਤ ਦੇ ਵਾਰੰਟ ਲੈ ਕੇ ਆਇਆ ਹੈ। ਇਸ ਵਪਾਰ ਸਮਝੌਤੇ ਨੂੰ ਰੱਦ ਕਰਾਉਣ, ਬਿਜਲੀ ਤੇ ਬੀਜ ਐਕਟ ਰੱਦ ਕਰਾਉਣ, ਮਨਰੇਗਾ ਸਕੀਮ ਬਹਾਲ ਕਰਾਉਣ, ਕਿਰਤ ਕੋਡ ਰੱਦ ਕਰਾਉਣ, ਐੱਮਐੱਸਪੀ ਹਾਸਲ ਕਰਨ, ਆਲੂਆਂ ਅਤੇ ਸਬਜ਼ੀਆਂ ਲਈ ਯੋਗ ਮੁੱਲ ਹਾਸਲ ਕਰਨ, ਕਰਜ਼ੇ ਰੱਦ ਕਰਾਉਣ ਲਈ ਕੀਤੀ ਜਾ ਰਹੀ ਰੈਲੀ ਰਾਹੀਂ ਦਿੱਲੀ ਦੀ ਤਰਜ਼ ਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ 22 ਮਾਰਚ ਦਿਨ ਐਤਵਾਰ ਸਵੇਰੇ 11 ਵਜੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਜਗਰਾਓਂ ਵਿਖੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਯਾਦ ਚ ਕਰਵਾਏ ਜਾ ਰਹੇ ਲੈਕਚਰ ਸਮਾਗਮ ’ਚ ਵੀ ਪੁੱਜਣ ਦਾ ਵੀ ਸੱਦਾ ਦਿੱਤਾ ਗਿਆ। ਇਲਾਕੇ ਦੀਆਂ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਕਾਲਮਨਵੀਸ਼ ਮਨਦੀਪ ਸੰਬੋਧਨ ਕਰਨਗੇ। ਇਸ ਮੌਕੇ ਗੁਰਤੇਜ ਸਿੰਘ ਅਖਾੜਾ, ਹਰਦੇਵ ਸਿੰਘ ਅਖਾੜਾ, ਪ੍ਰਿਤਪਾਲ ਸਿੰਘ ਰਣਧੀਰਗੜ, ਜਸਵਿੰਦਰ ਸਿੰਘ ਭਮਾਲ, ਕਰਮ ਸਿੰਘ ਭਮਾਲ, ਚਰਨਜੀਤ ਸਿੰਘ ਸ਼ੇਖਦੋਲਤ, ਹਰਪਾਲ ਸਿੰਘ ਸ਼ੇਖਦੋਲਤ, ਜਗਵਿੰਦਰ ਸਿੰਘ ਤੂਰ, ਇੰਦਰਜੀਤ ਸਿੰਘ ਲੋਧੀਵਾਲ, ਪਰਵਿੰਦਰ ਸਿੰਘ ਲੋਧੀਵਾਲ ਹਾਜ਼ਰ ਸਨ।