ਵਿਧਾਇਕ ਮਨਪ੍ਰੀਤ ਇਆਲੀ ਦਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ’ਚ ਜਾਣਾ ਲਗਭਗ ਤੈਅ !
ਵਿਧਾਇਕ ਮਨਪ੍ਰੀਤ ਇਆਲੀ ਦਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ’ਚ ਜਾਣਾ ਲਗਭਗ ਤੈਅ !
Publish Date: Mon, 08 Jun 2026 08:13 PM (IST)
Updated Date: Tue, 09 Jun 2026 04:11 AM (IST)

-ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ’ਚ ਕਰ ਸਕਦੇ ਐਲਾਨ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਪੰਜਾਬ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਤੋਂ ਚਰਚਾ ਵਿੱਚ ਬਣੇ ਰਹਿਣ ਵਾਲੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਹਲਕਾ ਦਾਖਾ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਸਮਰਥਕਾਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਦੀ ਨਬਜ ਟੋਹਣ ਤੋਂ ਬਾਅਦ ਅਤੇ ਹਾਂਪੱਖੀ ਹੁੰਗਾਰੇ ਤੋਂ ਉਤਸ਼ਾਹਿਤ ਹੋਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਜਾਣ ਦਾ ਫੈਸਲਾ ਲਗਭਗ ਕਰ ਲਿਆ ਹੈ ਅਤੇ ਉਹ ਇਸ ਬਾਰੇ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕਰ ਸਕਦੇ ਹਨ। ਉਨ੍ਹਾਂ ਮੰਡੀ ਮੁੱਲਾਂਪੁਰ ਦੇ ਸ਼ਹਿਰੀ ਸਮਰਥਕਾਂ ਅਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ ਦੌਰਾਨ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਅਤੇ ਸੁਝਾਅ ਲਏ। ਮੀਟਿੰਗ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਆਲੀ ਨੂੰ ਹੁਣ ਪਿੱਛੇ ਮੁੜ ਕੇ ਨਾ ਦੇਖਣ ਲਈ ਅਤੇ ਫੈਸਲੇ ਦਾ ਜੈਕਾਰਿਆਂ ਦੀ ਗੂੰਜ ਨਾਲ ਹੱਥ ਖੜੇ ਕਰਕੇ ਸਵਾਗਤ ਕਰਦਿਆਂ ਆਪਣੀ ਪ੍ਰਵਾਨਗੀ ਦਿੱਤੀ। ਇਸ ਮੌਕੇ ਵਿਧਾਇਕ ਇਆਲੀ ਨੇ ਕਿਹਾ ਕਿ ਹਲਕਾ ਦਾਖਾ ਨੇ ਹਮੇਸ਼ਾ ਉਹਨਾਂ ਦੇ ਸਿਰ ’ਤੇ ਜਿੱਤ ਦੇ ਤਾਜ ਸਜਾਏ ਨੇ ਅਤੇ ਉਹਨਾਂ ਦਾ ਇਸ ਹਲਕੇ ਦੇ ਲੋਕਾਂ ਨਾਲ ਜਿੱਥੇ ਗੂੜਾ ਰਿਸ਼ਤਾ ਹੈ ਉੱਥੇ ਭਾਈਚਾਰਕ ਸਾਂਝ ਵੀ ਪੱਕੀ ਹੈ। ਉਹਨਾਂ ਕਈ ਤੌਖਲਿਆਂ ਨੂੰ ਦੂਰ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਾਡੀ ਰਾਜਸੀ ਲੜਾਈ ਕੁਰਸੀ ਦੀ ਨਹੀਂ, ਸਗੋਂ ਪੰਜਾਬ ਅਤੇ ਪੰਥਕ ਮੁੱਦਿਆਂ ਦੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਇਹ ਮੁੱਦੇ ਪ੍ਰਮੁੱਖਤਾ ਨਾਲ ਚੁੱਕੇ ਜਾਣਗੇ। ਇਹਨਾਂ ਮੁੱਦਿਆਂ ਤੋਂ ਪਿਛਾਂਹ ਹੱਟ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਭਾਈਚਾਰਕ ਏਕਤਾ ਉਨ੍ਹਾਂ ਦਾ ਮੁੱਖ ਏਜੰਡਾ ਰਹੇਗਾ। ਇਆਲੀ ਨੇ ਦ੍ਰਿੜਤਾ ਨਾਲ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਕੁਝ ਨਹੀਂ ਸੰਵਾਂਰ ਸਕਦੀਆਂ। ਇਸ ਲਈ ਇੱਕ ਖੇਤਰੀ ਰਾਜਨੀਤਿਕ ਪਾਰਟੀ ਦਾ ਮਜਬੂਤ ਹੋਣਾ ਜ਼ਰੂਰੀ ਹੈ, ਜਿਹੜੀ ਹਮੇਸ਼ਾ ਪੰਥ ਅਤੇ ਪੰਜਾਬ ਦੀ ਗੱਲ ਦ੍ਰਿੜਤਾ ਅਤੇ ਇਮਾਨਦਾਰੀ ਨਾਲ ਕਰਨ ਦੀ ਜੁਅਰਤ ਰੱਖਦੀ ਹੋਵੇ। ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਉਨ੍ਹਾਂ ਮੁੜ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਪਰਿਵਾਰ ਨੂੰ ਜਿੰਮੇਵਾਰ ਠਹਿਰਾਇਆ। ਇਸ ਮੀਟਿੰਗ ਵਿੱਚ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਸਾਬਕਾ ਚੇਅਰਮੈਨ ਜੱਥੇਦਾਰ ਮੱਘਰ ਸਿੰਘ ਬੜੈਚ, ਕੌਂਸਲਰ ਬਲਵੀਰ ਚੰਦ ਬੀਰਾ, ਸਾਬਕਾ ਕੌਂਸਲਰ ਸੱਜਣ ਕੁਮਾਰ ਬਾਂਸਲ, ਸਾਬਕਾ ਕੌਂਸਲਰ ਤਰਸੇਮ ਸਿੰਘ ਸੇਮੀ, ਪ੍ਰਧਾਨ ਹਰਦਿਆਲ ਸਿੰਘ ਚੋਪੜਾ, ਮਦਨ ਲਾਲ ਗੋਸ਼ਾ, ਜਗਤਾਰ ਸਿੰਘ ਧਾਲੀਵਾਲ, ਅਰੁਣ ਮਲਹੋਤਰਾ, ਨਿਤਿਨ ਬਾਂਸਲ, ਰਾਘਵ, ਨਿਸ਼ਾਂਤ ਅਰੋੜਾ, ਕੰਵਰਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਖਾਲਸਾ, ਹਰਸਿਮਰਨਜੀਤ ਸਿੰਘ ਮੱਕੜ, ਤੇਜਿੰਦਰ ਸਿੰਘ ਨਾਗੀ, ਭੁਪਿੰਦਰ ਸਿੰਘ ਅਤੇ ਗੋਲਡੀ ਗਾਬਾ ਆਦਿ ਹਾਜ਼ਰ ਸਨ।