ਵਿਧਾਇਕ ਬੱਗਾ ਨੇ ਚੁੱਕਿਆ ਬੁੱਢੇ ਦਰਿਆ ਦੀ ਸਫ਼ਾਈ ਦਾ ਮੁੱਦਾ
ਵਿਧਾਇਕ ਬੱਗਾ ਨੇ ਵਿਧਾਨ ਸਭਾ ’ਚ ਮਲਕਪੁਰ, ਉਜੈਨਪੁਰ ਦੇ ਡੇਅਰੀ ਕੰਪਲੈਕਸ ਵਿੱਚੋਂ ਨਿਕਲਦੇ ਬੁੱਢੇ ਦਰਿਆ ਦੀ ਸਫ਼ਾਈ ਦਾ ਉਠਾਇਆ ਮੁੱਦਾ
Publish Date: Mon, 16 Mar 2026 08:48 PM (IST)
Updated Date: Tue, 17 Mar 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਵਿਧਾਨ ਸਭਾ ’ਚ ਮਹਾਨਗਰ ਵਿੱਚੋਂ ਨਿਕਲਦੇ ਬੁੱਢੇ ਦਰਿਆ ਦੀ ਸਫਾਈ ਦਾ ਮੁੱਦਾ ਉੱਠਿਆ। ਇਹ ਗੰਭੀਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਉਠਾਇਆ। ਉਨ੍ਹਾਂ ਵਿਧਾਨ ਸਭਾ ਸੈਸ਼ਨ ਦੌਰਾਨ ਆਉਣ ਵਾਲੇ ਬਰਸਾਤ ਦੇ ਸੀਜ਼ਨ ਤੋਂ ਪਹਿਲਾ ਸ਼ਹਿਰੀ ਖੇਤਰ ਤੋਂ ਬਾਹਰਵਾਰ ਵਹਿਣ ਵਾਲੇ ਬੁੱਢੇ ਦਰਿਆ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ। ਸੋਮਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਦਿੱਤੇ ਸਮੇਂ ਦੀ ਸੁਚੱਜੀ ਵਰਤੋਂ ਕਰਦਿਆਂ ਬੱਗਾ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਉਨ੍ਹਾਂ ਨੇ ਵਿਧਾਨ ਸਭਾ ਉਤਰੀ ’ਚੋਂ ਲੰਘਦੇ ਬੁੱਢੇ ਦਰਿਆ ਦੀ ਸਫਾਈ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਦੇ ਵਿਧਾਇਕ ਕਾਰਜਕਾਲ ਦੌਰਾਨ ਸ਼ਹਿਰੀ ਖੇਤਰ ਵਿੱਚ ਸਾਲਾਂ ਤੋਂ ਦੂਸ਼ਿਤ ਦਰਿਆ ਦੀ ਸਫ਼ਾਈ ਤਾਂ ਹੀ ਲਾਹੇਵੰਦ ਹੋਵੇਗੀ ਜੇਕਰ ਆਉਣ ਵਾਲੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਸ਼ਹਿਰ ਦੇ ਬਾਹਰੀ ਹਿੱਸੇ ਭਾਵ ਅਗਲੇ ਪੜਾਅ ਡੇਅਰੀ ਕੰਪਲੈਕਸ, ਮਲਕਪੁਰ, ਉਜੈਨਪੁਰ ਅਤੇ ਬੁੱਢੇ ਦਰਿਆ ਦੇ ਹੋਰ ਹਿੱਸਿਆਂ ਦੀ ਵੀ ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਇਲਾਕਿਆਂ ਵਿੱਚ ਸਫ਼ਾਈ ਦੇ ਪ੍ਰਬੰਧ ਨਾ ਕੀਤੇ ਗਏ ਤਾਂ ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿੱਚ ਦਰਿਆ ਦਾ ਪਾਣੀ ਸਕਦਾ ਹੈ ਜਿਸ ਨਾਲ ਦਰਿਆ ਦੀ ਕੀਤੀ ਸਫ਼ਾਈ ਦਾ ਕੋਈ ਲਾਭ ਨਹੀਂ ਹੋਵੇਗਾ। ਇਸ ਲਈ ਉਪਰੋਕਤ ਖੇਤਰਾਂ ਦੀ ਜਲਦੀ ਤੋਂ ਜਲਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਸ਼ਹਿਰੀ ਖੇਤਰਾਂ ਨੂੰ ਪਾਣੀ ਦੇ ਓਵਰਫਲੋ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਵਿਧਾਨ ਸਭਾ ਵਿੱਚ ਮੌਜੂਦ ਸਥਾਨਕ ਸਰਕਾਰਾਂ ਮੰਤਰੀ ਅਤੇ ਡਰੇਨੇਜ ਵਿਭਾਗ ਦੇ ਮੰਤਰੀ ਦਾ ਵੀ ਧਿਆਨ ਖਿੱਚਦਿਆਂ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਇਨ੍ਹਾਂ ਇਲਾਕਿਆਂ ਵਿੱਚੋਂ ਲੰਘਦੇ ਬੁੱਢੇ ਦਰਿਆ ਦੀ ਸਫਾਈ ਵੱਲ ਧਿਆਨ ਦਿੱਤਾ ਜਾਵੇ।