ਰੈਡੀਮੇਟ ਗਾਰਮੈਂਟ ਦੇ ਸ਼ੋਅਰੂਮ ’ਤੇ ਬਦਮਾਸ਼ਾਂ ਨੇ ਕੀਤੀ ਫਾਇਰਿੰਗ
ਰੈਡੀਮੇਟ ਗਾਰਮੈਂਟ ਦੇ ਸ਼ੋਅਰੂਮ ਤੇ ਬਦਮਾਸ਼ਾ ਨੇ ਕੀਤੀ ਫਾਇਰਿੰਗ
Publish Date: Tue, 06 Jan 2026 09:04 PM (IST)
Updated Date: Wed, 07 Jan 2026 04:09 AM (IST)

ਗੈਂਗਸਟਰ ਰੋਹਿਤ ਗੋਦਾਰਾ ਦੇ ਨਾਂ ’ਤੇ ਧਮਕੀ ਦੇ ਕੇ ਮੰਗੀ ਸੀ ਫਿਰੌਤੀ, 4 ਤੋਂ 5 ਰਾਊਂਡ ਕੀਤੇ ਫਾਇਰ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਦੇ ਹੈਬੋਵਾਲ ਚੰਦਰ ਨਗਰ ਮੇਨ ਰੋਡ ’ਤੇ ਸਥਿਤ ਇਲਾਕੇ ਸਿਵਲ ਸਿਟੀ ’ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੇਰ ਰਾਤ ਬਾਈਕ ਸਵਾਰ 3 ਨਕਾਬਪੋਸ਼ ਨੌਜਵਾਨਾਂ ਨੇ ਇੱਕ ਰੈਡੀਮੇਡ ਕੱਪੜੇ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਦਿਆਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਵਾਰਦਾਤ ਦੇਰ ਰਾਤ ਹੋਣ ਕਾਰਨ ਸ਼ੋਅਰੂਮ ਬੰਦ ਸੀ, ਜਿਸ ਕਾਰਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਵਾਰਦਾਤ ‘ਆਪ’ ਦੇ ਕੌਂਸਲਰ ਦੇ ਦਫਤਰ ਦੇ ਬਿਲਕੁਲ ਸਾਹਮਣੇ ਵਾਪਰੀ। ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਇਲਾਕਾ ਪੁਲਿਸ ਨੇ ਮੌਕੇ ’ਤੇ ਜਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਪੜਤਾਲ ਦੌਰਾਨ ਪੁਲਿਸ ਨੂੰ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ। ਥਾਣਾ ਹੈਬੋਵਾਲ ਅਧੀਨ ਹੈਬੋਵਾਲ ਤੋਂ ਚੰਦਰ ਨਗਰ ਜਾਣ ਵਾਲੀ ਮੁੱਖ ਸੜਕ ’ਤੇ ਡਸਟੀ ਲੁੱਕ ਨਾਂ ਤੋਂ ਰੈਡੀਮੇਟ ਕੱਪੜਿਆਂ ਦਾ ਸ਼ੋਅਰੂਮ ਚਲਾਉਣ ਵਾਲੇ ਹਿਮਾਂਸ਼ੂ ਨੇ ਦੱਸਿਆ ਕਿ 2 ਦਿਨ ਪਹਿਲਾਂ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ ਤੇ ਫੋਨ ਕਰਨ ਵਾਲੇ ਨੇ ਵਿਦੇਸ਼ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਦਾ ਨਾਂ ਲੈ ਕੇ ਉਸ ਕੋਲੋਂ 50 ਲੱਖ ਰੁਪਏ ਫਿਰੌਤੀ ਮੰਗੀ ਸੀ। ਕਾਰੋਬਾਰੀ ਮੁਤਾਬਕ ਪਹਿਲਾਂ ਤਾਂ ਉਹ ਇਸ ਫੋਨ ਕਾਲ ਨੂੰ ਸ਼ਰਾਰਤ ਸਮਝਦਾ ਰਿਹਾ ਤੇ ਬਹੁਤ ਗੰਭੀਰਤਾ ਨਾਲ ਨਹੀਂ ਲਿਆ ਪਰ ਬਦਮਾਸ਼ਾਂ ਨੇ ਫਿਰੌਤੀ ਨਾ ਮਿਲਣ ਕਾਰਨ ਇਹ ਵਾਰਦਾਤ ਅੰਜਾਮ ਦੇ ਦਿੱਤੀ। ਜਾਣਕਾਰੀ ਮੁਤਾਬਕ ਕਾਰੋਬਾਰੀ ਹਿਮਾਂਸ਼ੂ ਨੂੰ ਸ਼ਨਿੱਚਰਵਾਰ ਰਾਤ ਫੋਨ ਤੇ ਇੱਕ ਆਵਾਜ਼ ਮੈਸੇਜ ਭੇਜ ਕੇ ਧਮਕੀ ਦਿੱਤੀ ਗਈ ਕਿ ਉਸ ਕੋਲ ਹੁਣ ਫਿਰੌਤੀ ਦੇਣ ਲਈ ਸਿਰਫ 2 ਘੰਟੇ ਬਚੇ ਹਨ ਪਰ ਉਸ ਨੇ ਇਸ ਆਵਾਜ਼ ਮੈਸੇਜ ਨੂੰ ਵੀ ਗੰਭੀਰਤਾ ਨਾਲ ਨਾ ਲਿਆ। ਸਿੱਟਾ ਇਹ ਨਿਕਲਿਆ ਕਿ ਸੋਮਵਾਰ ਦੇਰ ਰਾਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 3 ਹਥਿਆਰਬੰਦ ਨਕਾਬਪੋਸ਼ ਬਦਮਾਸ਼ਾਂ ਨੇ ਸ਼ੋਅਰੂਮ ਦੇ ਸ਼ਟਰ ਤੇ ਇੱਕ-ਇੱਕ ਕਰ ਕੇ 5 ਗੋਲੀਆਂ ਚਲਾ ਦਿੱਤੀਆਂ। ਮੰਗਲਵਾਰ ਸਵੇਰੇ ਜਦ ਕਾਰੋਬਾਰੀ ਸ਼ੋਅਰੂਮ ਖੋਲ੍ਹਣ ਲਈ ਆਇਆ ਤਾਂ ਗੋਲੀਆਂ ਦੇ ਖੋਲ ਤੇ ਸ਼ਟਰ ’ਚ ਸੁਰਾਖ ਵੇਖ ਕੇ ਉਸ ਨੂੰ ਉਕਤ ਵਾਰਦਾਤ ਦਾ ਪਤਾ ਲੱਗਿਆ। ਬਾਕਸ-- ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਵਾਰਦਾਤ ਜਾਣਕਾਰੀ ਮੁਤਾਬਕ ਡਸਟੀ ਲੁੱਕ ਸ਼ੋਅਰੂਮ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਉਣ ਵਾਲੀ ਵਾਰਦਾਤ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਫੁਟੇਜ ’ਚ ਮੋਟਰਸਾਈਕਲ ਸਵਾਰ 3 ਬਦਮਾਸ਼ ਨਜ਼ਰ ਆਏ, ਜਿਨ੍ਹਾਂ ਨੇ ਸ਼ੋਅਰੂਮ ਦੇ ਸ਼ਟਰ ਨੂੰ ਨਿਸ਼ਾਨਾ ਬਣਾ ਕੇ ਤਾਬੜਤੋੜ 5 ਗੋਲੀਆਂ ਚਲਾਈਆਂ ਤੇ ਮੋਟਰਸਾਈਕਲ ’ਤੇ ਹੀ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਵੱਲੋਂ ਉਕਤ ਫੁਟੇਜ ਕਬਜ਼ੇ ’ਚ ਲੈ ਕੇ ਬਦਮਾਸ਼ਾਂ ਦੇ ਫਰਾਰ ਹੋਣ ਵਾਲੇ ਰੂਟ ਤੋਂ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਸੇਫ ਸਿਟੀ ਦੇ ਕੈਮਰਿਆਂ ਦੀ ਰਿਕਾਰਡਿੰਗ ਰਾਹੀਂ ਬਦਮਾਸ਼ਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕਸ-- ਫੋਨ ’ਤੇ ਸਮਾਂ ਦੇ ਕੇ ਕੀਤੀ ਵਾਰਦਾਤ ਵਾਰਦਾਤ ਅੰਜਾਮ ਦੇਣ ਤੋਂ ਪਹਿਲਾਂ ਬਦਮਾਸ਼ ਨੇ ਆਪਣਾ ਨਾਂ ਮਹਿੰਦਰ ਢਿੱਲਾ ਦੱਸਿਆ ਤੇ ਕਾਰੋਬਾਰੀ ਦਾ ਨਾਂ ਲੈ ਕੇ ਉਸ ਨਾਲ ਗੱਲਬਾਤ ਕੀਤੀ, ਜਿਸ ਤੋਂ ਪਤਾ ਲੱਗਦਾ ਹੈ ਕਿ ਬਦਮਾਸ਼ਾਂ ਨੇ ਪੂਰੀ ਰੈਕੀ ਕਰਨ ਮਗਰੋਂ ਹੀ ਇਹ ਵਾਰਦਾਤ ਅੰਜਾਮ ਦਿੱਤੀ ਹੋਵੇਗੀ। ਕਾਲ ਕਰਨ ਵਾਲੇ ਨੇ ਕਾਰੋਬਾਰੀ ਨੂੰ ਕਿਹਾ ਕਿ ਜੋ ਸਮਾਂ ਤੈਨੂੰ ਦਿੱਤਾ ਗਿਆ ਸੀ ਉਹ ਖਤਮ ਹੋ ਚੁੱਕਾ ਹੈ ਫਿਰ ਵੀ ਜੇ ਉਹ ਆਪਣੀ ਜਾਨ ਦੀ ਸਲਾਮਤੀ ਚਾਹੁੰਦਾ ਹੈ ਤਾਂ ਅੱਧੇ ਘੰਟੇ ’ਚ ਦੁਬਾਰਾ ਫੋਨ ਕਰੇ। ਬੇਖੌਫ ਬਦਮਾਸ਼ ਨੇ ਅੱਗੇ ਕਿਹਾ ਕਿ ਜੇ ਉਹ ਪੁਲਿਸ ਕੋਲ ਵੀ ਜਾਣਾ ਚਾਹੁੰਦਾ ਹੈ ਤਾਂ ਚਲਾ ਜਾਵੇ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਬਾਕਸ-- ਪੁਲਿਸ ਵੱਲੋਂ ਕਈ ਕੋਣਾਂ ਤੋਂ ਪੜਤਾਲ ਜਾਰੀ ਉਕਤ ਵਾਰਦਾਤ ਸਬੰਧੀ ਏਸੀਪੀ ਪੱਛਮੀ ਜਤਿੰਦਰਪਾਲ ਨੇ ਵੀ ਕਾਰੋਬਾਰੀ ਦੇ ਸ਼ੋਅਰੂਮ ’ਤੇ ਗੋਲੀਆਂ ਚੱਲਣ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਸ਼ਟਰ ਤੋਂ 5 ਗੋਲੀਆਂ ਚੱਲਣ ਦੇ ਸੁਰਾਗ ਮਿਲੇ ਹਨ। ਸ਼ੁਰੂਆਤੀ ਪੜਤਾਲ ਦੌਰਾਨ ਪੁਲਿਸ ਹੱਥ ਕਈ ਅਹਿਮ ਸੁਰਾਗ ਲੱਗੇ ਹਨ, ਜਿਨ੍ਹਾਂ ਦੇ ਆਧਾਰ ਤੇ ਬਦਮਾਸ਼ਾਂ ਦਾ ਰੂਟ ਟਰੈਕ ਕੀਤਾ ਜਾ ਰਿਹਾ ਹੈ। ਬਦਮਾਸ਼ਾਂ ਵੱਲੋਂ ਕੀਤੀ ਗਈ ਫੋਨ ਕਾਲ ਤੇ ਹੋਰ ਸੁਰਾਗਾਂ ਦੇ ਆਧਾਰ ’ਤੇ ਪੁਲਿਸ ਲਗਾਤਾਰ ਮਾਮਲੇ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।