ਡਰਾਈਵਰ ਨੂੰ ਅਗਵਾ ਕਰਕੇ ਬਦਮਾਸ਼ਾਂ ਨੇ ਸਕਰੈਪ ਨਾਲ ਭਰਿਆ ਟਰੱਕ ਲੁੱਟਿਆ
ਡਰਾਈਵਰ ਨੂੰ ਅਗਵਾਹ ਕਰਕੇ ਬਦਮਾਸ਼ਾਂ ਨੇ ਸਕਰੈਪ ਨਾਲ ਭਰਿਆ ਟਰੱਕ ਲੁੱਟਿਆ
Publish Date: Fri, 13 Feb 2026 09:47 PM (IST)
Updated Date: Fri, 13 Feb 2026 09:51 PM (IST)

ਡਰਾਈਵਰ ਨੂੰ ਸੁਨਸਾਨ ਜਗ੍ਹਾ ਤੇ ਉਤਾਰ ਕੇ ਹੋਏ ਫਰਾਰ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਸਾਹਨੇਵਾਲ ਜੀਟੀ ਰੋਡ ਸਰਵਿਸ ਲੇਨ ਤੇ ਚਾਰ ਬਦਮਾਸ਼ਾਂ ਨੇ ਟਰੱਕ ਡਰਾਈਵਰ ਨਾਲ ਕੁੱਟਮਾਰ ਕਰਕੇ ਟਰੱਕ ਅੰਦਰ ਪਿਆ ਸਕਰੈਪ ਚੋਰੀ ਕਰ ਲਿਆ। ਚਾਰ ਬਦਮਾਸ਼ ਡਰਾਈਵਰ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ ਅਤੇ ਬੀਆਬਾਨ ਥਾਂ ਤੇ ਲਿਜਾ ਕੇ ਉਸ ਨੂੰ ਛੱਡਣ ਮਗਰੋਂ ਆਪ ਫਰਾਰ ਹੋ ਗਏ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਤੇ ਥਾਣਾ ਸਾਹਨੇਵਾਲ ਪੁਲਿਸ ਨੇ ਪਟਿਆਲਾ ਦੇ ਪਿੰਡ ਸਹੌਲੀ ਦੇ ਰਹਿਣ ਵਾਲੇ ਟਰੱਕ ਮਾਲਕ ਰਾਜੂ ਖਾਨ ਦੇ ਬਿਆਨ ਉੱਪਰ ਲੁੱਟ ਦੀ ਵਾਰਦਾਤ ਕਰਨ ਵਾਲੇ ਚਾਰ ਅਣਪਛਾਤੇ ਬਦਮਾਸ਼ਾ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ। ਰਾਜੂ ਖਾਨ ਮੁਤਾਬਕ ਉਸ ਦਾ ਟਰੱਕ ਟਰਾਂਸਪੋਰਟ ਦਾ ਕਾਰੋਬਾਰ ਹੈ। ਉਸ ਦੀ ਇੱਕ ਗੱਡੀ ਤੇ ਜਸਵੰਤ ਸਿੰਘ ਨਾਮ ਦਾ ਡਰਾਈਵਰ ਨੌਕਰੀ ਕਰਦਾ ਹੈ। ਵੀਰਵਾਰ ਨੂੰ ਜਸਵੰਤ ਸਿੰਘ ਉਸ ਦੀ ਗੱਡੀ ਵਿੱਚ ਅਮਲੋਹ ਰੋਡ ਮੰਡੀ ਗੋਬਿੰਦਗੜ੍ਹ ਤੋਂ ਸਕਰੈਪ ਲੋਡ ਕਰਕੇ ਕੰਗਣਵਾਲ ਰੋਡ ਲੁਧਿਆਣਾ ਵੱਲ ਉਤਾਰਨ ਲਈ ਜਾ ਰਿਹਾ ਸੀ। ਉਸ ਦਾ ਡਰਾਈਵਰ ਵਾਪਸੀ ਵੇਲੇ ਸਾਹਨੇਵਾਲ ਸਰਵਿਸ ਲੇਨ ਦੇ ਨਜ਼ਦੀਕ ਸਥਿਤ ਵਾਹਿਗੁਰੂ ਢਾਬਾ ਵਿਖੇ ਰੋਟੀ ਖਾਣ ਲਈ ਰੁਕ ਗਿਆ। ਕੁਝ ਸਮਾਂ ਬਾਅਦ ਰੋਟੀ ਖਾ ਕੇ ਜਦ ਡਰਾਈਵਰ ਨੇ ਢਾਬੇ ਤੋਂ ਗੱਡੀ ਬਾਹਰ ਕੱਢੀ ਤਾਂ ਚਾਰ ਅਣਪਛਾਤੇ ਬਦਮਾਸ਼ਾਂ ਨੇ ਉਸ ਦੇ ਡਰਾਈਵਰ ਨੂੰ ਸੜਕ ਤੇ ਰੋਕ ਲਿਆ ਅਤੇ ਗੱਡੀ ਤੋਂ ਲਾਹ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਉਸ ਦੇ ਡਰਾਈਵਰ ਨੂੰ ਧੱਕੇ ਨਾਲ ਗੱਡੀ ਵਿੱਚ ਸੁੱਟ ਲਿਆ ਅਤੇ ਜਬਰਦਸਤੀ ਆਪਣੇ ਨਾਲ ਲੈ ਗਏ। ਕੁਝ ਦੂਰ ਜਾਣ ਮਗਰੋਂ ਚਾਰੋਂ ਬਦਮਾਸ਼ਾ ਨੇ ਡਰਾਈਵਰ ਨੂੰ ਇੱਕ ਸੁਨਸਾਨ ਜਗ੍ਹਾ ਤੇ ਉਤਾਰਿਆ ਅਤੇ ਸਕਰੈਪ ਨਾਲ ਭਰੀ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਏ। ਡਰਾਈਵਰ ਨੇ ਕਿਸੇ ਤਰ੍ਹਾਂ ਮਾਲਕ ਨਾਲ ਸੰਪਰਕ ਕੀਤਾ ਅਤੇ ਉਕਤ ਵਾਰਦਾਤ ਦੀ ਥਾਣਾ ਸਾਹਨੇਵਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।