ਕਾਰੋਬਾਰੀ ਦੀ ਗੱਡੀ ’ਚੋਂ ਨਕਦੀ ਨਾਲ ਭਰਿਆ ਬੈਗ ਚੁੱਕ ਕੇ ਬਦਮਾਸ਼ ਫ਼ਰਾਰ
ਕਾਰੋਬਾਰੀ ਦੀ ਗੱਡੀ ਚੋਂ ਨਕਦੀ ਨਾਲ ਭਰਿਆ ਬੈਗ ਚੁੱਕ ਕੇ ਬਦਮਾਸ਼ ਹੋਏ ਫਰਾਰ
Publish Date: Wed, 08 Apr 2026 07:53 PM (IST)
Updated Date: Thu, 09 Apr 2026 04:09 AM (IST)

* ਕਾਰ ਦੀ ਸਟੈਪਨੀ ਬਦਲਦੇ ਸਮੇਂ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਕਾਰੋਬਾਰੀ ਨੂੰ ਕਾਰ ਦੀ ਸਟੈਪਨੀ ਬਦਲਣ ’ਚ ਰੁਝਿਆ ਵੇਖ ਦੋ ਬਦਮਾਸ਼ਾਂ ਨੇ ਮੌਕੇ ਦਾ ਫਾਇਦਾ ਚੁੱਕਿਆ ਤੇ ਉਸ ਦੀ ਕਾਰ ’ਚੋਂ ਨਕਦੀ ਵਾਲਾ ਬੈਗ ਚੁੱਕ ਕੇ ਰਫੂ ਚੱਕਰ ਹੋ ਗਏ। ਇਸ ਮਾਮਲੇ ’ਚ ਥਾਣਾ-ਪੰਜ ਦੀ ਪੁਲਿਸ ਨੇ ਧਾਂਦਰਾ ਰੋਡ ਵਾਸੀ ਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ-ਪੰਜ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਰਜਿੰਦਰ ਪਾਲ ਸਿੰਘ ਨਾਲ ਆਪਣੀ ਕਾਰ ’ਚ ਸਵਾਰ ਹੋ ਕੇ ਕਿਸੇ ਜ਼ਰੂਰੀ ਕੰਮ ਲਈ ਭਾਈਬਾਲਾ ਚੌਕ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਭਾਰਤ ਨਗਰ ਚੌਕ ’ਚ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ। ਮਨਦੀਪ ਸਿੰਘ ਨੇ ਐੱਸਬੀਆਈ ਬੈਂਕ ਸਾਹਮਣੇ ਆਪਣੀ ਕਾਰ ਖੜ੍ਹੀ ਕਰ ਕੇ ਟਾਇਰ ਬਦਲਣਾ ਸ਼ੁਰੂ ਕੀਤਾ। ਰਜਿੰਦਰ ਪਾਲ ਸਿੰਘ ਵੀ ਆਪਣੇ ਜਵਾਈ ਦੀ ਮਦਦ ਕਰਨ ਲੱਗ ਪਏ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਏ, ਜਿਨ੍ਹਾਂ ’ਚੋਂ ਇੱਕ ਗੱਡੀ ਦੇ ਲਾਗੇ ਆਇਆ ਤੇ ਕੁਝ ਹੀ ਸੈਕਿੰਡਾਂ ਵਿਚ ਬੈਗ ਚੁੱਕ ਕੇ ਨੱਸ ਪਿਆ। ਮੁਲਜ਼ਮ ਬੜੀ ਤੇਜ਼ੀ ਆਪਣੇ ਸਾਥੀ ਦੇ ਮੋਟਰਸਾਈਕਲ ’ਤੇ ਬੈਠਾ ਅਤੇ ਦੋਵੇਂ ਰਫੂ ਚੱਕਰ ਹੋ ਗਏ। ਬਦਮਾਸ਼ਾਂ ਨੇ ਬੜੀ ਹੀ ਫੁਰਤੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਉਧਰ, ਇਸ ਮਾਮਲੇ ਸਬੰਧੀ ਮਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੈਗ ’ਚ 1 ਲੱਖ 82 ਹਜ਼ਾਰ ਦੀ ਨਕਦੀ ਤੇ ਇਕ ਮੋਬਾਈਲ ਫੋਨ ਸੀ। ਉਧਰ, ਇਸ ਮਾਮਲੇ ’ਚ ਜਾਂਚ ਅਧਿਕਾਰੀ ਭੁਪਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਪੁਲਿਸ ਪਾਰਟੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੀ ਤਲਾਸ਼ ਕਰਨ ’ਚ ਜੁੱਟ ਗਈ ਹੈ। --