ਖ਼ੂਨੀ ਟਕਰਾਅ: ਮਾਮੂਲੀ ਬਹਿਸ ਨੇ ਧਾਰਿਆ ਭਿਆਨਕ ਰੂਪ, ਪਿਸਤੌਲ ਦੇ ਬਟਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ
ਮੁਹੱਲਾ ਪ੍ਰੀਤ ਨਗਰ ਸੇਵਕਪੁਰਾ ਮਿਲਰਗੰਜ ਵਿੱਚ ਮਾਮੂਲੀ ਬਹਿਸ ਤੋਂ ਬਾਅਦ ਮਾਮਲਾ ਇਸ ਕਦਰ ਵੱਧ ਗਿਆ ਕਿ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਦੀ ਖੁੱਲ ਕੇ ਵਰਤੋਂ ਕੀਤੀ ਅਤੇ ਪਿਸਤੌਲ ਦੇ ਬਟ ਨਾਲ ਵਾਰ ਕਰ ਦਿੱਤੇ। ਫੱਟੜ ਕਰਨ ਤੋਂ ਬਾਅਦ ਮੁਲਜਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
Publish Date: Sat, 28 Feb 2026 03:19 PM (IST)
Updated Date: Sat, 28 Feb 2026 03:21 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਮੁਹੱਲਾ ਪ੍ਰੀਤ ਨਗਰ ਸੇਵਕਪੁਰਾ ਮਿਲਰਗੰਜ ਵਿੱਚ ਮਾਮੂਲੀ ਬਹਿਸ ਤੋਂ ਬਾਅਦ ਮਾਮਲਾ ਇਸ ਕਦਰ ਵੱਧ ਗਿਆ ਕਿ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਦੀ ਖੁੱਲ ਕੇ ਵਰਤੋਂ ਕੀਤੀ ਅਤੇ ਪਿਸਤੌਲ ਦੇ ਬਟ ਨਾਲ ਵਾਰ ਕਰ ਦਿੱਤੇ। ਫੱਟੜ ਕਰਨ ਤੋਂ ਬਾਅਦ ਮੁਲਜਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮੁਹੱਲਾ ਪ੍ਰੀਤ ਨਗਰ ਸੇਵਕਪੁਰਾ ਆਪ ਮਿਲਰਗੰਜ ਦੇ ਵਾਸੀ ਸਿਮਰਨਜੋਤ ਸਿੰਘ ਦੀ ਸ਼ਿਕਾਇਤ ਤੇ ਜਨਤਾ ਇਨਕਲੇਵ ਦੁਗਰੀ ਦੇ ਰਹਿਣ ਵਾਲੇ ਸਾਹਿਲ ਕਪੂਰ, ਉਦਿਤ ਕਪੂਰ, ਸੁਨੀਲ ਕਪੂਰ, ਕਮਲ ਅਤੇ ਅੱਠ ਅਤੇ ਅੱਠ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।
ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਂਦਿਆਂ ਸਿਮਰਨਜੋਤ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀ ਦੁਪਹਿਰੇ 11 ਵਜੇ ਦੇ ਕਰੀਬ ਆਪਣੀ ਗੱਡੀ ਆਈ20 ਘਰ ਤੋਂ ਬਾਹਰ ਕੱਢ ਰਿਹਾ ਸੀ। ਇਸੇ ਦੌਰਾਨ ਸਾਹਿਲ ਕਪੂਰ ਅਤੇ ਉਦਿਤ ਕਪੂਰ ਨੇ ਆਪਣੀ ਸਕੂਟਰੀ ਉਸ ਦੀ ਗੱਡੀ ਵਿੱਚ ਮਾਰੀ। ਸਕੂਟਰ ਮਾਰਨ ਤੋਂ ਬਾਅਦ ਮੁਲਜਮਾਂ ਨੇ ਸਿਮਰਨਜੋਤ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਇੰਡੈਵਰ ਗੱਡੀ ਤੇ ਸਵਾਰ ਹੋ ਕੇ ਕੁਝ ਹੋਰ ਵਿਅਕਤੀ ਆ ਗਏ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਉੱਪਰ ਅਤੇ ਉਸਦੇ ਪਿਤਾ ਤਜਿੰਦਰ ਸਿੰਘ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਸ਼ਿਕਾਇਤਕਰਤਾ ਦੇ ਮੁਤਾਬਕ ਇੱਕ ਵਿਅਕਤੀ ਨੇ ਪਿਸਤੌਲ ਦੇ ਬਟ ਨਾਲ ਉਸਦੇ ਨੱਕ ਤੇ ਵਾਰ ਕਰਕੇ ਜ਼ਖਮੀ ਕਰ ਦਿੱਤਾ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਆ ਕਿ ਮੁਲਜਮਾਂ ਨੇ ਉਸ ਦੇ ਪਿਤਾ ਨੂੰ ਜਮੀਨ ਤੇ ਸੁੱਟ ਕੇ ਉਨ੍ਹਾਂ ਦਾ ਦੰਦ ਤੋੜ ਦਿੱਤਾ। ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਮੁਲਜਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਿਮਰਨਜੋਤ ਸਿੰਘ ਦੀ ਸ਼ਿਕਾਇਤ ਤੇ ਸਾਹਿਲ ਕਪੂਰ, ਉਦਿਤ ਕਪੂਰ ਸੁਨੀਲ ਕਪੂਰ, ਕਮਲ ਅਤੇ 8 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।