ਗੋਡੇ ਬਦਲਣ ਲਈ ਰੋਜ਼ਾ ਰੋਬੋਟਿਕ ਸਿਸਟਮ ਕੀਤਾ ਲਾਂਚ
ਗੋਡੇ ਬਦਲਣ ਲਈ ਮੈਸ਼ ਪ੍ਰੋਲਾਈਫ ਹਸਪਤਾਲ ਨੇ ਰੋਜ਼ਾ ਰੋਬੋਟਿਕ ਸਿਸਟਮ ਲਾਂਚ ਕੀਤਾ
Publish Date: Tue, 06 Jan 2026 07:31 PM (IST)
Updated Date: Wed, 07 Jan 2026 04:06 AM (IST)

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ : ਹੁਣ ਗਿੱਲ ਰੋਡ ’ਤੇ ਸਥਿਤ ਮੈਸ਼ ਪ੍ਰੋਲਾਈਫ ਹਸਪਤਾਲ ’ਚ ਰਬੋਟਿਕ ਤਕਨੀਕ ਨਾਲ ਜੋੜ ਬਦਲਣ ਆਪ੍ਰੇਸ਼ਨ ਸ਼ੁਰੂ ਕੀਤੇ ਗਏ ਹਨ, ਕਿਉਂਕਿ ਹਸਪਤਾਲ ਵੱਲੋਂ ਰੋਜ਼ਾ ਰੋਬੋਟਿਕ ਸਿਸਟਮ ਲਾਂਚ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਮੈਸ ਪਰੋਲਾਈਫ ਹਸਪਤਾਲ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਜੌਲੀ ਨੇ ਦੱਸਿਆ ਕਿ ਮੈਸ ਪਰੋਲਾਈਫ ਸ਼ਹਿਰ ਦਾ ਪਹਿਲਾ ਹਸਪਤਾਲ ਬਣ ਗਿਆ ਹੈ, ਜੋ ਗੋਡੇ ਬਦਲਣ ਦੀ ਸਰਜਰੀ ਲਈ ਵਿਸ਼ੇਸ਼ ਰੋਬੋਟਿਕ ਸਹਾਇਤਾ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲੁਧਿਆਣਾ ਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ ਅਜਿਹੇ ਇਲਾਜ ਲਈ ਵੱਡੇ ਸ਼ਹਿਰਾਂ ’ਚ ਜਾਣਾ ਪੈਂਦਾ ਸੀ ਪਰ ਹੁਣ ਇਹ ਸੁਵਿਧਾ ਸ਼ਹਿਰ ’ਚ ਹੀ ਉਪਲੱਬਧ ਹੋ ਗਈ ਹੈ। ਰੋਬੋਟਿਕ ਸਿਸਟਮ ਦਾ ਉਦਘਾਟਨ ਡੀਐੱਮਸੀ ਦੇ ਸਾਬਕਾ ਪ੍ਰਿੰਸੀਪਲ ਤੇ ਆਰਥੋਪੈਡਿਕਸ ਵਿਭਾਗ ਦੇ ਸਾਬਕਾ ਮੁਖੀ ਡਾ. ਐੱਸਸੀ ਆਹੂਜਾ ਨੇ ਕੀਤਾ। ਇਸ ਮੌਕੇ ਮੈਸ਼ ਪ੍ਰੋਲਾਈਫ ਦੇ ਡਾਇਰੈਕਟਰ, ਲੈਪਰੋਸਕੋਪੀ ਤੇ ਬੈਰੀਐਟ੍ਰਿਕ ਸਰਜਰੀ, ਡਾ. ਹਰਪ੍ਰੀਤ ਸਿੰਘ ਜੌਲੀ ਤੇ ਸੀਨੀਅਰ ਸਲਾਹਕਾਰ, ਆਰਥੋਪੈਡਿਕਸ ਡਾ. ਮੁਨੀਸ਼ ਗੋਇਲ ਹਾਜ਼ਰ ਸਨ। ਡਾ. ਮੁਨੀਸ਼ ਗੋਇਲ ਨੇ ਕਿਹਾ ਕਿ ਰੋਜ਼ਾ ਰੋਬੋਟਿਕ ਸਿਸਟਮ ਅਜਿਹੇ ਸਮੇਂ ’ਚ ਸ਼ੁਰੂ ਹੋਇਆ ਹੈ, ਜਦ ਨਾ ਸਿਰਫ ਪੰਜਾਬ ’ਚ ਬਲਕਿ ਪੂਰੇ ਦੇਸ਼ ’ਚ ਗੋਡਿਆਂ ਨਾਲ ਸਬੰਧਤ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਰੋਜ਼ਾ ਇੱਕ ਉੱਨਤ ਗਾਈਡ ਦੀ ਤਰ੍ਹਾਂ ਕੰਮ ਕਰਦੀ ਹੈ। ਸਰਜਰੀ ਦੀ ਯੋਜਨਾ ਬਣਾਉਣ ਤੇ ਸੈਂਸਰਾਂ ਤੇ 3-ਡੀ ਤਕਨਾਲੋਜੀ ਨਾਲ ਇੰਪਲਾਂਟ ਨੂੰ ਬਹੁਤ ਹੀ ਸਹੀ ਤਰੀਕੇ ਨਾਲ ਰੱਖਣ ’ਚ ਸਹਾਇਤਾ ਕਰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ’ਚ ਕੈਂਸਰ ਤੇ ਦਿਲ ਜਿਹੇ ਕੁਝ ਖੇਤਰਾਂ ’ਚ ਰਿਮੋਟ ਰੋਬੋਟਿਕ ਸਰਜਰੀਆਂ ਸੀਮਤ ਹਨ ਪਰ ਗੋਡੇ ਬਦਲਣ ਦੀ ਸਰਜਰੀ ਪੂਰੀ ਤਰ੍ਹਾਂ ਨਾਲ ਸਰਜਨ ਦੇ ਕੰਟਰੋਲ ’ਚ ਹੈ ਤੇ ਰੋਬੋਟ ਸਿਰਫ਼ ਸਹਾਇਤਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾ ਇੱਕ ਰੋਬੋਟਿਕ ਸਰਜੀਕਲ ਪ੍ਰਣਾਲੀ ਹੈ, ਜਿਸ ਨੂੰ ਜ਼ਿਮਰ ਬਾਇਓਮੈਟ ਨਾਲ ਵਿਕਸਿਤ ਕੀਤਾ ਗਿਆ ਹੈ ਤੇ ਭਾਰਤ ’ਚ ਕੁੱਲ ਗੋਡਿਆਂ ਦੀ ਤਬਦੀਲੀ ਲਈ ਸਭ ਤੋਂ ਉੱਨਤ ਤਕਨਾਲੋਜੀਆਂ ’ਚੋਂ ਗਿਣੇ ਜਾਂਦੇ ਹਨ। ਮਰੀਜ਼ਾਂ ਲਈ ਇਸ ਦਾ ਅਰਥ ਹੈ ਬਿਹਤਰ ਅਲਾਈਨਮੈਂਟ, ਛੋਟੇ ਚੀਰੇ, ਘੱਟ ਖੂਨ ਵਗਣਾ, ਆਲੇ ਦੁਆਲੇ ਦੇ ਟਿਸ਼ੂ ਨੂੰ ਘੱਟ ਨੁਕਸਾਨ੍ ਤੇ ਅਕਸਰ ਤੇਜ਼ ਤੇ ਆਸਾਨ ਰਿਕਵਰੀ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਸਰਜਰੀ ਤੋਂ ਬਾਅਦ ਗੋਡਾ ਵਧੇਰੇ ਕੁਦਰਤੀ ਮਹਿਸੂਸ ਕਰਦਾ ਹੈ, ਜੋ ਕਿ ਮਰੀਜ਼ਾਂ ਲਈ ਸਭ ਤੋਂ ਮਹੱਤਵਪੂਰਣ ਹੈ। ਡਾ. ਗੋਇਲ ਨੇ ਅੱਗੇ ਦੱਸਿਆ ਕਿ ਪਿਛਲੇ 5 ਸਾਲਾਂ ’ਚ ਭਾਰਤ ’ਚ ਗੋਡੇ ਬਦਲਣ ਦੀਆਂ ਸਰਜਰੀਆਂ ਦੀ ਗਿਣਤੀ ’ਚ ਲੱਗਭਗ ਢਾਈ ਗੁਣਾ ਵਾਧਾ ਹੋਇਆ ਹੈ। ਲੁਧਿਆਣਾ ਤੇ ਪੂਰੇ ਪੰਜਾਬ ’ਚ ਵੀ ਇਹੀ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਗੋਡਿਆਂ ਦੇ ਗੰਭੀਰ ਦਰਦ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ। ਲੁਧਿਆਣਾ ’ਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਮਰਦਾਂ ਨਾਲੋਂ ਔਰਤਾਂ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਹਨ। ਡਾ. ਹਰਪ੍ਰੀਤ ਸਿੰਘ ਜੌਲੀ ਨੇ ਕਿਹਾ ਕਿ ਬਹੁਤ ਸਾਰੇ ਮਰੀਜ਼ ਗੰਭੀਰ ਦਰਦ ਤੇ ਤੁਰਨ ’ਚ ਮੁਸ਼ਕਲ ਦੇ ਬਾਵਜੂਦ ਗੋਡੇ ਬਦਲਣ ਦੀ ਸਰਜਰੀ ਮੁਲਤਵੀ ਕਰਦੇ ਰਹਿੰਦੇ ਹਨ। ਇਸ ਦਾ ਇੱਕ ਵੱਡਾ ਕਾਰਨ ਜਾਣਕਾਰੀ ਦੀ ਘਾਟ ਹੈ। ਲੋਕ ਇਹ ਨਹੀਂ ਸਮਝਦੇ ਕਿ ਸਰਜਰੀ ਕਦੋਂ ਜ਼ਰੂਰੀ ਹੋ ਜਾਂਦੀ ਹੈ ਤੇ ਅੱਜ ਪ੍ਰਕਿਰਿਆ ਕਿੰਨੀ ਸੁਰੱਖਿਅਤ ਤੇ ਉੱਨਤ ਹੋ ਗਈ ਹੈ।