ਦਿਮਾਗੀ ਤੌਰ ’ਤੇ ਪਰੇਸ਼ਾਨ ਨੌਜਵਾਨ ਸ਼ੱਕੀ ਹਾਲਾਤ ’ਚ ਲਾਪਤਾ
ਦਿਮਾਗੀ ਤੌਰ ਤੇ ਪਰੇਸ਼ਾਨ ਨੌਜਵਾਨ ਸ਼ੱਕੀ ਹਾਲਾਤ ਵਿੱਚ ਹੋਇਆ ਲਾਪਤਾ
Publish Date: Thu, 05 Mar 2026 07:45 PM (IST)
Updated Date: Fri, 06 Mar 2026 04:12 AM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਨਿਊ ਆਜ਼ਾਦ ਨਗਰ ਇਲਾਕੇ ’ਚ ਰਹਿਣ ਵਾਲੇ ਪਰਿਵਾਰ ਦਾ ਲੜਕਾ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ। ਪਰਿਵਾਰ ਵੱਲੋਂ ਕੀਤੀ ਭਾਲ ਦੇ ਬਾਵਜੂਦ ਨੌਜਵਾਨ ਦਾ ਪਤਾ ਨਾ ਲੱਗਾ ਤਾਂ ਉਕਤ ਮਾਮਲਾ ਥਾਣਾ ਬਸਤੀ ਯੋਧੇਵਾਲ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਨੇ ਨਿਊ ਆਜ਼ਾਦ ਨਗਰ ਵਾਸੀ ਸੁਮਨ ਰਾਣੀ ਦੇ ਬਿਆਨ ’ਤੇ ਨੌਜਵਾਨ ਦੀ ਗੁਮਸ਼ੁਦਗੀ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੁਮਨ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦਾ ਭਤੀਜਾ ਵਿਪਨ ਕੁਮਾਰ (22) ਪਿਛਲੇ ਕਰੀਬ ਦੋ ਸਾਲ ਤੋਂ ਉਨ੍ਹਾਂ ਨਾਲ ਉਸ ਦੇ ਘਰ ਵਿਚ ਹੀ ਰਹਿ ਰਿਹਾ ਸੀ। ਵਿਪਨ ਦਾ ਦਿਮਾਗੀ ਸੰਤੁਲਨ ਸਹੀ ਨਾ ਹੋਣ ਕਾਰਨ ਉਹ ਠੀਕ ਤਰ੍ਹਾਂ ਨਾਲ ਬੋਲ ਵੀ ਨਹੀਂ ਸਕਦਾ ਹੈ। ਉਨਾਂ ਦੱਸਿਆ ਕਿ ਆਪਣੇ ਭਤੀਜੇ ਵਿਪਨ ਨੂੰ ਉਨਾਂ ਘਰ ਨੇੜੇ ਹੀ ਇਕ ਫੈਕਟਰੀ ’ਚ ਹੈਲਪਰੀ ਦੇ ਕੰਮ ’ਤੇ ਲਗਵਾਇਆ ਸੀ। ਰੋਜ਼ ਵਾਂਗ ਵਿਪਨ ਕੰਮ ਕਰਨ ਲਈ ਘਰ ਤੋਂ ਫੈਕਟਰੀ ਗਿਆ ਅਤੇ ਦੁਪਹਿਰ ਵੇਲੇ ਖਾਣਾ ਖਾਣ ਲਈ ਆਪਣੇ ਘਰ ਨੂਰ ਵਾਲਾ ਰੋਡ ਆਇਆ ਸੀ। ਦੁਪਹਿਰ ਦਾ ਖਾਣਾ ਖਾਣ ਮਗਰੋਂ ਉਹ ਦੁਬਾਰਾ ਫੈਕਟਰੀ ਜਾਣ ਲਈ ਘਰੋਂ ਚਲਾ ਗਿਆ ਪਰ ਦੇਰ ਸ਼ਾਮ ਛੁੱਟੀ ਹੋਣ ਦੇ ਬਾਵਜੂਦ ਘਰ ਵਾਪਸ ਨਾ ਆਇਆ ਤਾਂ ਉਨਾਂ ਵਿਪਨ ਕੁਮਾਰ ਦੀ ਭਾਲ ਸ਼ੁਰੂ ਕਰ ਦਿੱਤੀ। ਫੈਕਟਰੀ ਪਤਾ ਕਰਨ ’ਤੇ ਜਾਣਕਾਰੀ ਮਿਲੀ ਕਿ ਖਾਣਾ ਖਾ ਕੇ ਘਰੋਂ ਵਿਪਨ ਫੈਕਟਰੀ ਲਈ ਗਿਆ ਤਾਂ ਸੀ ਪਰ ਫੈਕਟਰੀ ਪੁੱਜਾ ਹੀ ਨਹੀਂ। ਉਨਾਂ ਆਪਣੇ ਪੱਧਰ ਤੇ ਨੌਜਵਾਨ ਦੀ ਭਾਲ ਵਿੱਚ ਕਾਫੀ ਭੱਜ ਦੌੜ ਕੀਤੀ ਪਰ ਜਦ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਉਕਤ ਮਾਮਲਾ ਥਾਣਾ ਬਸਤੀ ਯੋਧੇਵਾਲ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। --