ਮੁਸਲਿਮ ਭਾਈਚਾਰੇ ਨੇ ਖਾਮਨੇਈ ਦੀ ਮੌਤ ’ਤੇ ਦੁੱਖ ਜਤਾਇਆ
ਮੁਹੰਮਦ ਗੁਲਾਬ ਦੀ ਅਗਵਾਈ ਹੇਠ ਈਰਾਨ ਦੇ ਰਾਜਦੂਤ ਨਾਲ ਮੁਲਾਕਾਤ
Publish Date: Mon, 09 Mar 2026 07:24 PM (IST)
Updated Date: Tue, 10 Mar 2026 04:09 AM (IST)

ਮੁਹੰਮਦ ਗੁਲਾਬ ਦੀ ਅਗਵਾਈ ਹੇਠ ਈਰਾਨ ਦੇ ਰਾਜਦੂਤ ਨਾਲ ਮੁਲਾਕਾਤ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਸੀਨੀਅਰ ਮੁਸਲਿਮ ਨੇਤਾ ਮੁਹੰਮਦ ਗੁਲਾਬ ਨੇ ਨਵੀਂ ਦਿੱਲੀ ਸਥਿੱਤ ਈਰਾਨ ਕਲਚਰ ਹਾਊਸ ਐਂਬੈਸੀ ਦਾ ਦੌਰਾ ਕੀਤਾ ਅਤੇ ਉੱਥੇ ਭਾਰਤ ਵਿੱਚ ਈਰਾਨ ਦੇ ਰਾਜਦੂਤ ਮੁਹੰਮਦ ਫਤਹ ਅਲੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਗ੍ਰੈਂਡ ਆਯਤੁੱਲਾਹ ਇਮਾਮ ਅਲੀ ਖਾਮਨੇਈ ਦੀ ਕਥਿੱਤ ਬੇਰਹਿਮ ਹੱਤਿਆ ’ਤੇ ਗਹਿਰਾ ਦੁੱਖ ਅਤੇ ਸ਼ੋਕ ਪ੍ਰਗਟ ਕੀਤਾ। ਇਸ ਦੌਰਾਨ ਮੁਹੰਮਦ ਗੁਲਾਬ ਨੇ ਈਰਾਨ ਦੇ ਸਰਵਉੱਚ ਨੇਤਾ ਦੀ ਹੱਤਿਆ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਸ ਘਟਨਾ ਨੂੰ ਅਮਰੀਕਾ ਅਤੇ ਇਜ਼ਰਾਈਲ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ, ਜੇ ਇਹ ਸੱਚ ਹੈ ਤਾਂ ਇਹ ਈਰਾਨ ਦੀ ਸੰਪ੍ਰਭੁਤਾ ਦਾ ਖੁੱਲ੍ਹਾ ਉਲੰਘਣ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ਹੈ। ਉਨ੍ਹਾਂ ਕਿਹਾ ਕਿ ਅਜੇਹੇ ਕਦਮ ਨਾ ਸਿਰਫ਼ ਖੇਤਰ ਦੀ ਸ਼ਾਂਤੀ ਲਈ ਖਤਰਨਾਕ ਹਨ ਸਗੋਂ ਵਿਸ਼ਵ ਪੱਧਰ ’ਤੇ ਤਣਾਅ ਨੂੰ ਵੀ ਵਧਾ ਸਕਦੇ ਹਨ। ਮੁਹੰਮਦ ਗੁਲਾਬ ਨੇ ਅੱਗੇ ਕਿਹਾ ਕਿ ਈਰਾਨ ਵਿੱਚ ਇੱਕ ਲੜਕੀਆਂ ਦੇ ਸਕੂਲ ’ਤੇ ਬੰਬਾਰੀ, ਜਿਸ ਵਿੱਚ ਮਾਸੂਮ ਵਿਦਿਆਰਥਣਾਂ ਦੀ ਜਾਨ ਚਲੀ ਗਈ, ਮਨੁੱਖਤਾ ਦੇ ਖ਼ਿਲਾਫ਼ ਇੱਕ ਨਾ ਮਾਫ਼ੀਯੋਗ ਅਪਰਾਧ ਹੈ। ਉਨ੍ਹਾਂ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਜੰਗ ਦੇ ਗੰਭੀਰ ਨਤੀਜਿਆਂ ਨੂੰ ਸਮਝਣ ਅਤੇ ਹਿੰਸਾ ਅਤੇ ਟਕਰਾਅ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਲਈ ਮਿਲ ਕੇ ਕੋਸ਼ਿਸ਼ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ੌਕਤ ਅਲੀ ਖਾਨ, ਸ਼ੇਖ ਕਰਰਾਰ ਹੁਸੈਨ (ਪ੍ਰਧਾਨ, ਹੁਸੈਨੀ ਮਿਸ਼ਨ ਪੰਜਾਬ) ਅਤੇ ਮੇਹਰਬਾਨ ਇਦਰੀਸੀ (ਪੰਜਾਬ ਇੰਚਾਰਜ, ਯੂਨਾਈਟਡ ਇਦਰੀਸੀ ਫਰੰਟ) ਵੀ ਮੌਜੂਦ ਸਨ।