12 ਦੀ ਹੜਤਾਲ ਲਈ ਕਿਰਤੀ ਕਾਮੇ ਲਾਮਬੰਦ ਕਰਨ ਲਈ ਮੀਟਿੰਗ
12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਲਈ ਕਿਰਤੀ ਕਾਮੇ ਲਾਮਬੰਦ ਕਰਨ ਲਈ ਕੀਤੀ ਮੀਟਿੰਗ
Publish Date: Tue, 27 Jan 2026 07:42 PM (IST)
Updated Date: Wed, 28 Jan 2026 04:11 AM (IST)

-1950 ’ਚ ਲਾਗੂ ਕੀਤਾ ਸੰਵਿਧਾਨ ਅੱਜ ਗੰਭੀਰ ਖਤਰੇ ’ਚ : ਮਿਸ਼ਰਾ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸੀਟੀਆਈਯੂ ਪੰਜਾਬ ਦੇ ਬੈਨਰ ਹੇਠ ਫੋਕਲ ਪੁਆਇੰਟ ਵਿਖੇ ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਵੱਲੋਂ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸੀਟੀਆਈਯੂ ਪੰਜਾਬ ਦੇ ਉੱਪ ਪ੍ਰਧਾਨ ਵਿਜੇ ਮਿਸ਼ਰਾ ਪੁੱਜੇ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਦੇਸ਼ ਭਰ ਵਿੱਚ ਗਣਤੰਤਰ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਪਰ ਸੰਨ 1950 ਵਿੱਚ ਲਾਗੂ ਕੀਤਾ ਗਿਆ ਸੰਵਿਧਾਨ ਅੱਜ ਗੰਭੀਰ ਖਤਰੇ ਵਿੱਚ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਿਰਤੀ–ਕਾਮਿਆਂ ਦੀਆਂ ਬੁਨਿਆਦੀ ਸਹੂਲਤਾਂ ‘ਤੇ ਡਾਕਾ ਮਾਰ ਕੇ ਪੂੰਜੀਪਤੀਆਂ ਦੇ ਹਿੱਤ ਸੁਰੱਖਿਅਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਕਾਮਰੇਡ ਮਿਸ਼ਰਾ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਕਾਨੂੰਨਾਂ ਵਿੱਚ ਤਬਦੀਲੀਆਂ ਕਰਕੇ ਨਵੇਂ ਸੰਵਿਧਾਨ ਨੂੰ ਲਿਖਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜੋ ਲੋਕਤੰਤਰ ਲਈ ਖਤਰਨਾਕ ਹਨ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ 12 ਫਰਵਰੀ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਲਈ ਕਿਰਤੀ–ਕਾਮਿਆਂ ਨੂੰ ਪੂਰੀ ਤਰ੍ਹਾਂ ਲਾਮਬੰਦ ਹੋਣ ਦਾ ਸੱਦਾ ਦਿੱਤਾ। ਸੀਟੀਆਈਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਜਗਦੀਸ਼ ਚੰਦ ਸਮੇਤ ਹੋਰ ਯੂਨੀਅਨ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਮਜ਼ਦੂਰ ਜਮਾਤ ਦੇ ਮੁੱਢਲੇ ਤੇ ਬੁਨਿਆਦੀ ਹੱਕਾਂ ਦੀ ਰੱਖਿਆ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਰਤੀ–ਕਾਮਿਆਂ ਦੇ ਬਣਦੇ ਹੱਕ ਤੁਰੰਤ ਨਾ ਦਿੱਤੇ ਗਏ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਰਾਮ ਸਿੰਘ, ਦੇਵ ਰਾਜ ਵਰਮਾ, ਸੁਦੇਸ਼ਵਰ ਤਿਵਾੜੀ, ਰਾਮ ਧਨੀ, ਤਹਸੀਲਦਾਰ, ਸੁਨੀਲ ਗਿਰੀ, ਫੂਲ ਬਦਨ, ਮੁਕੇਸ਼ ਕੁਮਾਰ ਵੀ ਹਾਜ਼ਰ ਸਨ।