ਤਨਖਾਹ ਨਾ ਮਿਲਣ ਕਾਰਨ ਸਮਰਾਲਾ ਦੇ ਅਧਿਆਪਕਾਂ 'ਚ ਭਾਰੀ ਰੋਸ
ਫਰਵਰੀ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਸਮਰਾਲਾ ਦੇ ਅਧਿਆਪਕਾਂ ਵਿੱਚ ਭਾਰੀ ਰੋਸ
Publish Date: Mon, 09 Mar 2026 07:01 PM (IST)
Updated Date: Mon, 09 Mar 2026 07:03 PM (IST)

- ਜੇਕਰ ਅਗਲੇ ਇੱਕ ਦੋ ਦਿਨਾਂ ਅੰਦਰ ਤਨਖਾਹ ਜਾਰੀ ਨਹੀਂ ਹੁੰਦੀ ਤਾਂ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ : ਨਰਿੰਦਰ ਸਿੰਘ ਭੜੀ ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਪੰਜਾਬ ਸਰਕਾਰ ਜੋ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਮੁਫਤ ਸਕੀਮਾਂ ਦੇ ਅਨੇਕਾਂ ਵਾਅਦੇ ਤਾਂ ਰੋਜਾਨਾ ਕਰ ਰਹੀ ਹੈ, ਪ੍ਰੰਤੂ ਸਰਕਾਰੀ ਮੁਲਾਜ਼ਮ ਖਾਸ ਕਰਕੇ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕ ਅਜੇ ਤੱਕ ਤਨਖਾਹਾਂ ਤੋਂ ਵਾਂਝੇ ਹਨ, ਜਿਨ੍ਹਾਂ ਦਾ ਗੁਜਾਰਾ ਕੇਵਲ ਇਨ੍ਹਾਂ ਤਨਖਾਹਾਂ ਦੇ ਸਿਰੋਂ ਚੱਲਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਈਟੀਟੀ ਅਧਿਆਪਕ ਯੂਨੀਅਨ ਸਮਰਾਲਾ ਦੇ ਪ੍ਰਧਾਨ ਨਰਿੰਦਰ ਸਿੰਘ ਭੜੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ, ਕਿਉਂਕਿ ਬਲਾਕ ਸਮਰਾਲਾ ਦੇ ਸਾਰੇ ਅਧਿਆਪਕ ਫਰਵਰੀ ਦੇ ਮਹੀਨੇ ਦੀ ਤਨਖਾਹ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿਚ ਨਹੀਂ ਪਾਈ ਗਈ। ਉਨ੍ਹਾਂ ਅੱਗੇ ਕਿਹਾ ਕਿ ਇਹ ਕੇਵਲ ਇਕੱਲੇ ਲੁਧਿਅਣੇ ਜ਼ਿਲ੍ਹੇ ਦੀ ਗੱਲ ਨਹੀ ਪੂਰੇ ਪੰਜਾਬ ਵਿੱਚ ਹੀ ਅੱਧ ਤੋਂ ਵੱਧ ਜ਼ਿਲਿ੍ਹਆਂ ਵਿੱਚ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲੀ। ਇਸੇ ਕਰਕੇ ਅਧਿਆਪਕ ਭਾਰੀ ਰੋਸ ਹੈ। ਉਨ੍ਹਾਂ ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਤੌਰ ਤੇ ਦਖਲ ਦੇ ਕੇ ਬਜਟ ਜਾਰੀ ਕਰਵਾਉਣ ਤਾਂ ਜੋ ਅਧਿਆਪਕਾਂ ਨੂੰ ਤਨਖਾਹ ਮਿਲ ਸਕੇ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਚ ਕਿਹਾ ਕਿ ਅਗਰ ਅਗਲੇ ਇੱਕ ਦੋ ਦਿਨਾਂ ਵਿੱਚ ਫਰਵਰੀ ਮਹੀਨੇ ਦੀ ਤਨਖਾਹ ਜਾਰੀ ਨਹੀਂ ਹੁੰਦੀ ਤਾਂ ਸੰਘਰਸ਼ੀ ਰੂਪਰੇਖਾ ਉਲੀਕੀ ਜਾਵੇਗੀ। ਇਸ ਮੌਕੇ ਪਰਮਜੀਤ ਸਿੰਘ, ਇੰਦਰਜੀਤ ਸਿੰਘ, ਅਸ਼ਵਨੀ ਕੁਮਾਰ, ਸੰਜੀਵ ਕੁਮਾਰ ਕਲਿਆਣ, ਗੁਰਮੀਤ ਸਿੰਘ, ਕਸ਼ਮੀਰਾ ਸਿੰਘ, ਜਸਵਿੰਦਰ ਸਿੰਘ, ਸਤਨਾਮ ਅਤੇ ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।