ਨੇਤਨਯਾਹੂ ਦਾ ਪੁਤਲਾ ਫੂਕ ਕੇ ਇਜ਼ਰਾਈਲ ਸਰਕਾਰ ਖ਼ਿਲਾਫ਼ ਕੀਤਾ ਜ਼ਬਰਦਸਤ ਰੋਸ ਮੁਜ਼ਾਹਰਾ
ਨਿਤਿਨਯਾਹੁ ਦਾ ਪੁਤਲਾ ਫੂਕ ਕੇ ਇਜਰਾਇਲ ਸਰਕਾਰ ਖਿਲਾਫ ਕੀਤਾ ਜ਼ਬਰਦਸਤ ਰੋਸ਼ ਮੁਜਾਹਰਾ
Publish Date: Sun, 01 Mar 2026 06:29 PM (IST)
Updated Date: Sun, 01 Mar 2026 06:31 PM (IST)

ਅਯਾਤੁੱਲਾ ਖਾਮਨੇਈ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ : ਸ਼ਾਹੀ ਇਮਾਮ ਪੰਜਾਬ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਖਾੜੀ ਵਿਚ ਬੀਤੇ ਦੋ ਦਿਨਾਂ ਤੋਂ ਈਰਾਨ ਅਤੇ ਇਜ਼ਰਾਈਲ ਦੇ ਵਿਚ ਚੱਲ ਰਹੇ ਯੁੱਧ ਵਿਚ ਐਤਵਾਰ ਸਵੇਰੇ ਈਰਾਨ ਦੇ ਸੁਪਰੀਮ ਧਾਰਮਿਕ ਲੀਡਰ ਜਨਾਬ ਅਯਾਤੁੱਲਾ ਖਾਮਨੇਈ ਨੂੰ ਇਕ ਹਵਾਈ ਹਮਲੇ ਵਿਚ ਸ਼ਹੀਦ ਕਰ ਦਿੱਤਾ ਗਿਆ। ਇਸ ਖਬਰ ਦੇ ਨਾਲ ਦੁਨੀਆ ਭਰ ਦੇ ਮੁਸਲਮਾਨਾਂ ਅਤੇ ਇਨਸਾਫ ਪਸੰਦ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਭਾਰੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਨੇ ਇਜ਼ਰਾਈਲ ਸਰਕਾਰ ਦੇ ਖਿਲਾਫ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਾਮਾ ਮਸਜਿਦ ਵਿਚ ਦੁਪਹਿਰ ਦੀ ਨਮਾਜ਼ ਤੋ ਬਾਅਦ ਅਯਾਤੁੱਲਾ ਖਾਮਨੇਈ ਦੀ ਸ਼ਹਾਦਤ ਨੂੰ ਸਲਾਮ ਪੇਸ਼ ਕਰਦੇ ਹੋਏ ਵਿਸ਼ੇਸ਼ ਦੁਆ ਵੀ ਕਰਵਾਈ ਗਈ। ਸ਼ੋਕ ਸਭਾ ਨੂੰ ਸੰਬੋਧਨ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਜਰਾਇਲ ਅਤੇ ਅਮਰੀਕਾ ਦਾ ਇਹ ਸਰਕਾਰੀ ਅੱਤਵਾਦ ਹੈ ਇਨ੍ਹਾਂ ਦੀ ਦਾਦਾਗਿਰੀ ਦੇ ਅੱਗੇ ਦੁਨੀਆ ਖਾਮੋਸ਼ ਹੈ ਕਿਉਂਕਿ ਇਨਸਾਫ ਦਵਾਉਣ ਵਾਲੇ ਵੀ ਇੰਨਾਂ ਦੀ ਗੁੰਡਾਗਰਦੀ ਦੇ ਅੱਗੇ ਬੇਬਸ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਯਾਤੁੱਲਾ ਖਾਮਨੇਈ ਸਿਰਫ ਇਰਾਨ ਹੀ ਨਹੀਂ ਬਲਕਿ ਦੁਨੀਆ ਭਰ ਦੇ ਮੁਸਲਮਾਨਾਂ ਦੇ ਲੀਡਰ ਸਨ। ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਪੇਸ਼ ਕਰਦੇ ਹਾਂ ਅਤੇ ਉਨ੍ਹਾਂ ਦੀ ਇਸ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਆਉਣ ਵਾਲੀਆਂ ਨਸਲਾਂ ਇਸ ਗੱਲ ਨੂੰ ਫ਼ਖ਼ਰ ਦੇ ਨਾਲ ਕਹਿ ਸਕਣਗੀਆਂ ਕਿ ਜਦ ਪੂਰੀ ਦੁਨੀਆ ਦੇ ਧੜਾਂਤ ਇਜ਼ਰਾਈਲ ਅਤੇ ਅਮਰੀਕਾ ਦੇ ਅੱਗੇ ਘੁਟਨੇ ਟੇਕ ਚੁੱਕੇ ਸਨ ਤਾਂ ਉਸ ਸਮੇਂ ਇੱਕ ਬੁੱਢਾ ਸ਼ੇਰ ਆਪਣੇ ਆਖਰੀ ਸਾਹਾਂ ਤੱਕ ਦੁਸ਼ਮਣ ਨਾਲ ਲੜਦਾ ਰਿਹਾ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਯਤੁੱਲਾਹ ਖਾਮੇਨੇਈ ਦੀ ਸ਼ਹਾਦਤ ਮੌਕੇ ਇਜਰਾਇਲ ਅਤੇ ਅਮਰੀਕਾ ਦੀ ਇਸ ਅੱਤਵਾਦੀ ਕਾਰਵਾਈ ਦੇ ਖਿਲਾਫ ਆਪਣਾ ਰੋਸ਼ ਯੂਐੱਨਓ ਵਿਚ ਦਰਜ ਕਰਵਾਏ ਅਤੇ ਇਰਾਨ ਦੇ ਨਾਲ ਆਪਣਾ ਦਹਾਕਿਆਂ ਪੁਰਾਨੇ ਰਿਸ਼ਤਿਆਂ ਨੂੰ ਦੇਖਦੇ ਹੋਏ ਕੌਮੀ ਸੋਗ ਐਲਾਨਣ।