ਲੁਧਿਆਣਾ ਦੀ ਫੈਕਟਰੀ ’ਚ ਭਿਆਨਕ ਅੱਗ, ਕੱਚਾ ਮਾਲ ਤੇ ਮਸ਼ੀਨਰੀ ਸੜ ਕੇ ਸਵਾਹ
ਲੁਧਿਆਣਾ ਦੀ ਫੈਕਟਰੀ ਵਿੱਚ ਭਿਆਨਕ ਅੱਗ, ਕੱਚਾ ਮਾਲ ਅਤੇ ਮਸ਼ੀਨਰੀ ਸੜ ਕੇ ਸਵਾਹ
Publish Date: Thu, 19 Mar 2026 10:54 PM (IST)
Updated Date: Fri, 20 Mar 2026 04:17 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਨਾਈਟ ਸ਼ਿਫਟ ਦੌਰਾਨ ਹੰਬੜਾਂ ਰੋਡ ’ਤੇ ਬਣੀ ਇਕ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਮੁਸਤੈਦ ਟੀਮਾਂ ਤੁਰੰਤ ਹਰਕਤ ’ਚ ਆਈਆਂ ਅਤੇ ਮੌਕੇ ’ਤੇ ਪਹੁੰਚ ਕੇ ਅੱਗ ਬਝਾਉਣ ਦਾ ਕੰਮ ਸ਼ੁਰੂ ਕੀਤਾ। ਦੇਖਦੇ ਹੀ ਦੇਖਦੇ ਅੱਗ ਇਸ ਕਦਰ ਫੈਲ ਗਈ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਸ਼ਹਿਰ ਦੇ ਵੱਖ-ਵੱਖ ਫਾਇਰ ਸਟੇਸ਼ਨਾਂ ਤੋਂ ਅੱਗ ਬਝਾਊ ਦਸਤਿਆਂ ਨੂੰ ਬੁਲਾਉਣਾ ਪਿਆ। ਸੂਤਰਾਂ ਮੁਤਾਬਕ ਹੰਬੜਾਂ ਰੋਡ ਤੇ ਡਾਇਰੀ ਕੰਪਲੈਕਸ ਦੇ ਲਾਗੇ ਸਮਾਰਟ ਕੂਲਰ ਬਣਾਉਣ ਵਾਲੀ ਇਕ ਫੈਕਟਰੀ ਹੈ। ਫੈਕਟਰੀ ’ਚ ਨਾਈਟ ਸ਼ਿਫਟ ਚੱਲ ਰਹੀ ਸੀ, ਇਸੇ ਦੌਰਾਨ ਅਚਾਨਕ ਅੱਗ ਲੱਗ ਗਈ। ਅੱਗ ਕਿਸ ਤਰ੍ਹਾਂ ਲੱਗੀ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੇ। ਫੈਕਟਰੀ ’ਚ ਮੌਜੂਦ ਮੁਲਾਜ਼ਮਾਂ ਨੂੰ ਜਿਵੇਂ ਹੀ ਹਾਦਸੇ ਸਬੰਧੀ ਜਾਣਕਾਰੀ ਮਿਲੀ ਉਹ ਭੱਜ ਕੇ ਫੈਕਟਰੀ ਚੋਂ ਬਾਹਰ ਆ ਗਏ ਤੇ ਮਾਲਕ ਵਰੁਣ ਗੁਪਤਾ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ। ਲੁਧਿਆਣਾ ਦੇ ਵੱਖ-ਵੱਖ ਫਾਇਰ ਸਟੇਸ਼ਨਾਂ ਤੋਂ ਆਈਆਂ ਤਿੰਨ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਪੂਰੀ ਕਾਬੂ ਪਾ ਲਿਆ। ਹਾਦਸਾ ਇਸ ਕਦਰ ਭਿਆਨਕ ਸੀ ਕਿ ਗੱਡੀਆਂ ਨੂੰ ਬਾਰ-ਬਾਰ ਪਾਣੀ ਰਿਫਿਲ ਕਰਨਾ ਪੈ ਰਿਹਾ ਸੀ। ਮੁਢਲੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਫੈਕਟਰੀ ਦੇ ਅੰਦਰ ਜਾਲਣਸ਼ੀਲ ਪਦਾਰਥ ਹੋਣ ਕਾਰਨ ਕੁਝ ਹੀ ਸਮੇਂ ਵਿੱਚ ਇਹ ਹਾਦਸਾ ਵਿਕਰਾਲ ਬਣ ਗਿਆ। ਇਸ ਹਾਦਸੇ ਦੇ ਦੌਰਾਨ ਭਾਰੀ ਮਾਤਰਾ ਵਿੱਚ ਕੱਚਾ ਮਾਲ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ ਹੈ। ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀ ਟੀਮ ਅੱਗ ਲੱਗਣ ਦੇ ਕਾਰਨਾਂ ਦਾ ਮੁਆਇਨਾ ਕਰ ਰਹੀ ਹੈ।