ਗੋਦਾਮ ‘ਚ ਭਿਆਨਕ ਅੱਗ, ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ
ਗੋਦਾਮ ‘ਚ ਭਿਆਨਕ ਅੱਗ, ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ
Publish Date: Mon, 23 Feb 2026 07:33 PM (IST)
Updated Date: Tue, 24 Feb 2026 04:10 AM (IST)
ਧੂੰਏਂ ਦੇ ਗੁਬਾਰ ਨੇ ਅਸਮਾਨ ਨੂੰ ਢੱਕ ਲਿਆ ਤੇ ਪੂਰੇ ਇਲਾਕੇ ’ਚ ਦਹਿਸ਼ਤ ਫੈਲ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ,
ਲੁਧਿਆਣਾ : ਲੁਧਿਆਣਾ ਦੇ ਟਿੱਬਾ ਰੋਡ ਸਥਿੱਤ ਸਟਾਰ ਸਿਟੀ ਇਲਾਕੇ ਵਿੱਚ ਸੋਮਵਾਰ ਦੁਪਹਿਰ ਕਰੀਬ 12 ਵਜੇ ਉਸ ਵੇਲੇ ਭਾਜੜ ਮਚ ਗਈ, ਜਦੋਂ ਰਿਹਾਇਸ਼ੀ ਇਲਾਕੇ ਦੇ ਵਿਚਕਾਰ ਬਣੇ ਇਕ ਕੱਪੜਾ ਵੇਸਟੇਜ ਦੇ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ ਸੀ ਕਿ ਕੁਝ ਹੀ ਮਿੰਟਾਂ ’ਚ ਕਾਲੇ ਧੂੰਏਂ ਦੇ ਸੰਘਣੇ ਗੁਬਾਰ ਨੇ ਅਸਮਾਨ ਨੂੰ ਢੱਕ ਲਿਆ ਅਤੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪ੍ਰਤੱਖਦਰਸ਼ੀਆਂ ਮੁਤਾਬਕ ਸਭ ਤੋਂ ਪਹਿਲਾਂ ਗੋਦਾਮ ਵੱਲੋਂ ਧੂੰਆ ਨਿਕਲਦਾ ਦੇਖਿਆ ਗਿਆ। ਕੁਝ ਹੀ ਪਲਾਂ ’ਚ-ਉੱਚੀਆਂ ਲਪਟਾਂ ਅਸਮਾਨ ਵੱਲ ਚੜ੍ਹਨ ਲੱਗ ਪਈਆਂ।
ਰਿਹਾਇਸ਼ੀ ਇਲਾਕਾ ਹੋਣ ਕਰਕੇ ਨੇੜਲੇ ਘਰਾਂ ਨੂੰ ਵੀ ਅੱਗ ਦਾ ਖਤਰਾ ਬਣ ਗਿਆ। ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਹਾਲਾਂਕਿ ਤੰਗ ਗਲੀਆਂ ਅਤੇ ਸੰਘਣੀ ਆਬਾਦੀ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਹਾਦਸੇ ਵਾਲੀ ਥਾਂ ਤਕ ਪਹੁੰਚਣ ਅਤੇ ਅੱਗ ’ਤੇ ਕਾਬੂ ਪਾਉਣ ਵਿੱਚ ਖਾਸੀ ਮੁਸ਼ੱਕਤ ਕਰਨੀ ਪਈ ਪਰ ਦੋ ਘੰਟਿਆਂ ਦੀ ਜਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਇੱਥੇ ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਪਰ ਗੋਦਾਮ ਵਿੱਚ ਰੱਖਿਆ ਕੱਪੜਾ ਵੇਸਟੇਜ ਅਤੇ ਹੋਰ ਸਾਮਾਨ ਸੜ ਕੇ ਰਾਖ ਹੋ ਗਿਆ, ਜਿਸ ਨਾਲ ਵੱਡੇ ਆਰਥਿਕ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਗੋਦਾਮ ਮਾਲਕ ਰਾਜੇਸ਼ ਗੁਪਤਾ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਜਦੋਂ ਉਨਾਂ ਨੂੰ ਹਾਦਸੇ ਸਬੰਧੀ ਜਾਣਕਾਰੀ ਮਿਲੀ ਉਹ ਉਸ ਵੇਲੇ ਘਰ ਸਨ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਉਨ੍ਹਾਂ ਦੇ ਕੁੱਲ ਚਾਰ ਗੋਦਾਮ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਇਹ ਹਾਦਸਾ ਵਾਪਰਿਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅੱਗ ਦੇ ਅਸਲ ਕਾਰਨ ਸਾਹਮਣੇ ਆ ਸਕਣ।