ਕੈਨੇਡਾ ਦੀ ਪੀਆਰ ਮਿਲੀ ਤਾਂ ਪਤੀ ਨੂੰ ਛੱਡ ਕੇ ਫ਼ਰਾਰ ਹੋਈ ਵਿਆਹੁਤਾ
ਕੈਨੇਡਾ ਦੀ ਪੀਆਰ ਮਿਲੀ ਤਾਂ ਪਤੀ ਨੂੰ ਛੱਡ ਕੇ ਫਰਾਰ ਹੋਈ ਵਿਆਹੁਤਾ
Publish Date: Wed, 08 Apr 2026 09:57 PM (IST)
Updated Date: Thu, 09 Apr 2026 04:12 AM (IST)

* ਸਹੁਰੇ ਦੇ ਬਿਆਨ ਉੱਪਰ ਨੂੰਹ ਖ਼ਿਲਾਫ਼ ਪਰਚਾ ਦਰਜ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਵਿਆਹ ਤੋਂ ਦੋ ਸਾਲ ਬਾਅਦ ਹੀ ਵਿਆਹੁਤਾ ਨੂੰ ਕੈਨੇਡਾ ਦੀ ਪੀਆਰ ਮਿਲੀ ਤਾਂ ਉਹ ਆਪਣੇ ਪਤੀ ਤੋਂ ਰਿਸ਼ਤੇ ਨਾਤੇ ਤੋੜ ਕੇ ਬਿਨ੍ਹਾਂ ਦੱਸੇ ਕਿਸੇ ਹੋਰ ਜਗ੍ਹਾ ਰਹਿਣ ਲੱਗ ਗਈ। ਪਤਨੀ ਦੇ ਛੱਡ ਜਾਣ ਮਗਰੋਂ ਉਸ ਦੇ ਪਤੀ ਨੇ ਸਮਝਾ ਕੇ ਆਪਣੀ ਘਰਵਾਲੀ ਨੂੰ ਸਹੀ ਰਸਤੇ ਲਿਆਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਪੀਆਰ ਹਾਸਲ ਕਰ ਚੁੱਕੀ ਪਤਨੀ ਨੇ ਉਸ ਨਾਲ ਰਹਿਣ ਤੋਂ ਸਾਫ ਮਨਾਂ ਕਰ ਦਿੱਤਾ। ਆਖਰ ਪਤੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ ਤੇ ਲੜਕੇ ਦੇ ਪਿਤਾ ਨੇ ਇਸ ਮਾਮਲੇ ’ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਅਮਨ ਨਗਰ ਵਾਸੀ ਜਰਨੈਲ ਸਿੰਘ ਦੇ ਬਿਆਨ ਉੱਪਰ ਉਸ ਦੀ ਨੂੰਹ ਅਮਨਦੀਪ ਕੌਰ, ਬੇਟੇ ਦੇ ਸਹੁਰੇ ਬਲਬੀਰ ਸਿੰਘ, ਜਸਬੀਰ ਸਿੰਘ ਵਾਸੀ ਪਿੰਡ ਰਿਆਣਾ ਜੱਟਾਂ ਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਭੋਰਾ ਖ਼ਿਲਾਫ਼ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਸ਼ਿਕਾਇਤਕਰਤਾ ਜਰਨੈਲ ਸਿੰਘ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਲੜਕਾ ਮਾਨ ਸਿੰਘ ਕੈਨੇਡਾ ਦਾ ਪੀਆਰ ਹੈ ਤੇ ਕੈਨੇਡਾ ’ਚ ਹੀ ਰਹਿ ਰਿਹਾ ਹੈ। ਉਸ ਦੇ ਪੁੱਤਰ ਦਾ 2 ਸਾਲ ਪਹਿਲਾਂ ਕਪੂਰਥਲਾ ਦੇ ਪਿੰਡ ਰਿਹਣਾ ਜੱਟਾਂ ਵਾਸੀ ਅਮਨਦੀਪ ਕੌਰ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਹੋਇਆ ਸੀ, ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਲੜਕਾ ਆਪਣੀ ਪਤਨੀ ਅਮਨਦੀਪ ਕੌਰ ਨੂੰ ਵੀ ਕੈਨੇਡਾ ਲੈ ਗਿਆ। ਕੈਨੇਡਾ ਜਾਣ ਮਗਰੋਂ ਜਦੋਂ ਅਮਨਦੀਪ ਕੌਰ ਨੂੰ ਵੀ ਕੈਨੇਡਾ ਦੀ ਪੀਆਰ ਮਿਲ ਗਈ ਤਾਂ ਉਸ ਨੇ ਪਤੀ ਨਾਲ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਬਹਾਨਾ ਬਣਾ ਕੇ ਮੁਦਈ ਦੇ ਪੁੱਤਰ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਜਾ ਕੇ ਰਹਿਣ ਲੱਗ ਗਈ। ਜਰਨੈਲ ਸਿੰਘ ਨੇ ਦੋਸ਼ ਲਗਾਏ ਕਿ ਅਮਨਦੀਪ ਕੌਰ ਨੇ ਕੈਨੇਡਾ ਜਾਣ ਤੇ ਉਥੋਂ ਦੀ ਪੀਆਰ ਹਾਸਲ ਕਰਨ ਲਈ ਉਸ ਦੇ ਲੜਕੇ ਨਾਲ ਸਾਜ਼ਿਸ਼ ਤਹਿਤ ਵਿਆਹ ਕਰਵਾਇਆ ਅਤੇ ਪੀਆਰ ਮਿਲਣ ਤੋਂ ਬਾਅਦ ਪਤੀ ਤੋਂ ਕਿਨਾਰਾ ਕਰ ਲਿਆ। ਉਕਤ ਮਾਮਲੇ ਦੀ ਸ਼ੁਰੂਆਤੀ ਪੜਤਾਲ ਮਗਰੋਂ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।