ਵਿਆਹੁਤਾ ਨਾਲ ਪਤੀ ਤੇ ਸਹੁਰੇ ਪਰਿਵਾਰ ਨੇ ਕੀਤੀ ਕੁੱਟਮਾਰ
ਵਿਆਹੁਤਾ ਨਾਲ ਪਤੀ ਤੇ ਸਹੁਰੇ ਪਰਿਵਾਰ ਨੇ ਕੀਤੀ ਕੁੱਟਮਾਰ
Publish Date: Tue, 10 Feb 2026 08:00 PM (IST)
Updated Date: Wed, 11 Feb 2026 04:14 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਦੇ ਟਿੱਬਾ ਰੋਡ ਇਲਾਕੇ ਵਿੱਚ ਰਹਿਣ ਵਾਲੀ ਸ਼ਾਦੀਸ਼ੁਧਾ ਔਰਤ ਨਾਲ ਉਸ ਦੇ ਪਤੀ, ਸੱਸ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਘਰੇਲੂ ਵਿਵਾਦ ਦੇ ਚਲਦੇ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕੀਤੀ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਪੀੜਿਤ ਅਲੀਸਾ ਦੇ ਬਿਆਨ ਉੱਪਰ ਉਸਦੇ ਪਤੀ ਮੰਨੂ, ਸੱਸ ਮਮਤਾ, ਨਣਾਨ ਪ੍ਰੀਆ, ਦਿਓਰ ਮਣੀ ਸਮੇਤ ਅੱਠ ਹੋਰ ਅਣਪਛਾਤਿਆਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਅਲੀਸਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦਾ ਰਾਇਲ ਕਲੋਨੀ ਰਹਿਣ ਵਾਲੇ ਮੰਨੂ ਨਾਲ ਦੋ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਬੀਤੇ ਕੁੱਝ ਦਿਨ ਪਹਿਲਾਂ ਉਸ ਦਾ ਆਪਣੇ ਪਤੀ ਨਾਲ ਘਰੇਲੂ ਵਿਵਾਦ ਹੋਣ ਕਾਰਨ ਉਸ ਨੇ ਆਪਣੀ ਭੂਆ ਨੂੰ ਫੋਨ ਕਰਕੇ ਪਤੀ ਵੱਲੋਂ ਕੀਤੀ ਕੁੱਟਮਾਰ ਬਾਰੇ ਦੱਸਿਆ। ਜਦੋਂ ਉਸ ਦੀ ਭੂਆ ਉਸ ਨੂੰ ਮਿਲਣ ਆਈ ਅਤੇ ਆਪਣੇ ਨਾਲ ਲੈ ਜਾਣ ਲਈ ਗੱਡੀ ਵਿੱਚ ਬਿਠਾਇਆ, ਤਾਂ ਤੇਬਾ ਮੇਨ ਰੋਡ ਗਊਸ਼ਾਲਾ ਦੇ ਨਜ਼ਦੀਕ ਉਸ ਦੇ ਪਤੀ, ਸੱਸ ਅਤੇ ਬਾਕੀ ਮੁਲਜਮਾਂ ਨੇ ਹਥਿਆਰਾਂ ਦੇ ਜੋਰ ’ਤੇ ਉਹਨਾਂ ਨੂੰ ਸੜਕ ’ਤੇ ਘੇਰ ਲਿਆ। ਗੱਡੀ ਵਿੱਚੋਂ ਕੱਢ ਕੇ ਪੀੜਿਤ ਤੇ ਉਸ ਦੀ ਭੂਆ ਸਮੇਤ ਹੋਰ ਪਰਿਵਾਰਿਕ ਮੈਂਬਰਾਂ ਨਾਲ ਕੁੱਟਮਾਰ ਕੀਤੀ ਅਤੇ ਗੱਡੀ ਦੀ ਭੰਨ ਤੋੜ ਕਰਨ ਮਗਰੋਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।