ਕੈਨੇਡਾ ਦੀ ਪੀਆਰ ਮਿਲਣ ਮਗਰੋਂ ਪਤਨੀ ਨੇ ਛੱਡਿਆ ਪਤੀ, ਕੇਸ ਦਰਜ
ਕੈਨੇਡਾ ਦੀ ਪੀਆਰ ਲਈ ਕੀਤਾ ਸੀ ਵਿਆਹ, ਲੁਧਿਆਣਾ ਦੇ ਜੋਤਿਸ਼ੀ ਦੇ ਪੁੱਤ ਨਾਲ ਠੱਗੀ ਦਾ ਮਾਮਲਾ ਦਰਜ
Publish Date: Wed, 25 Feb 2026 07:21 PM (IST)
Updated Date: Wed, 25 Feb 2026 07:25 PM (IST)

ਸ਼ੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਵਿੱਚ ਕੈਨੇਡਾ ਦੀ ਪੱਕੀ ਰਿਹਾਇਸ਼ (ਪੀਆਰ) ਹਾਸਲ ਕਰਨ ਲਈ ਵਿਆਹ ਕਰ ਕੇ ਠੱਗੀ ਮਾਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਥਾਣਾ ਡਿਵੀਜ਼ਨ-2 ਪੁਲਿਸ ਨੇ ਇਸ ਸਬੰਧੀ ਤਿੰਨ ਦੇ ਖ਼ਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਸ਼ਾਹਪੁਰ ਰੋਡ ਦੇ ਵਾਸੀ ਜੋਤਿਸ਼ ਸ਼ਾਸਤਰੀ ਰਮੇਸ਼ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਵਿੱਚ ਇਕ ਨਿੱਜੀ ਕੰਪਨੀ ’ਚ ਮੈਨੇਜਰ ਦੇ ਅਹੁਦੇ ‘ਤੇ ਕੰਮ ਕਰਦਾ ਹੈ ਤੇ ਉਥੋਂ ਦਾ ਸਥਾਈ ਨਿਵਾਸੀ ਹੈ। ਪਿਛਲੇ ਸਾਲ ਉਨ੍ਹਾਂ ਅਖ਼ਬਾਰ ਵਿੱਚ ਇਕ ਲੜਕੀ ਦਾ ਵਿਆਹ ਸਬੰਧੀ ਇਸ਼ਤਿਹਾਰ ਦੇਖਿਆ, ਜਿਸ ਤੋਂ ਬਾਅਦ ਦੋਵੇ ਪਰਿਵਾਰਾਂ ਵਿਚਾਲੇ ਆਨਲਾਈਨ ਗੱਲਬਾਤ ਸ਼ੁਰੂ ਹੋਈ। ਸ਼ਿਕਾਇਤਕਰਤਾ ਨੇ ਆਖਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਕ ਮਹੀਨੇ ਅੰਦਰ ਹੀ ਵਿਆਹ ਲਈ ਦਬਾਅ ਬਣਾਇਆ, ਜਿਸ ਕਾਰਨ ਸ਼ਿਕਾਇਤਕਰਤਾ ਨੇ ਆਪਣੇ ਪੁੱਤਰ ਨੂੰ ਭਾਰਤ ਬੁਲਾਇਆ ਅਤੇ ਦੋਵਾਂ ਦੀ ਕੋਰਟ ਮੈਰਿਜ ਕਰਵਾ ਦਿੱਤੀ ਗਈ। ਵਿਆਹ ਤੋਂ ਬਾਅਦ ਦੋਵੇਂ ਕਾਸ਼ੀ ਵਿਸ਼ਵਨਾਥ ਘੁੰਮਣ ਵੀ ਗਏ। ਸ਼ਿਕਾਇਤ ਅਨੁਸਾਰ ਵਿਆਹ ਤੋਂ ਕਰੀਬ ਇਕ ਮਹੀਨੇ ਅੰਦਰ ਹੀ ਲੜਕੀ ਦੀ ਕੈਨੇਡਾ ਪੀਆਰ ਪ੍ਰਕਿਰਿਆ ਪੂਰੀ ਹੋ ਗਈ। ਲੜਕੀ ਵੱਲੋਂ ਇੰਨਾ ਉਤਾਵਲਾਪਣ ਦੇਖ ਸ਼ਿਕਾਇਤਕਰਤਾ ਨੇ ਦੋਵਾਂ ਦੇ ਪਾਸਪੋਰਟ ਆਪਣੇ ਕੋਲ ਰੱਖ ਲਏ, ਜਿਸ ’ਤੇ ਲੜਕੀ ਨਾਰਾਜ਼ ਹੋ ਗਈ ਅਤੇ ਉਸ ਨੇ ਆਪਣੀ ਮਾਤਾ ਨੂੰ ਬੁਲਾ ਲਿਆ। ਪਾਸਪੋਰਟ ਵਾਪਸ ਲੈਣ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ। ਦੋਸ਼ ਹੈ ਕਿ ਜਦੋਂ ਪਾਸਪੋਰਟ ਨਾ ਦਿੱਤੇ ਗਏ ਤਾਂ ਲੜਕੀ ਪੱਖ ਅੰਬਾਲਾ ਚਲਾ ਗਿਆ ਅਤੇ ਉੱਥੇ ਸ਼ਿਕਾਇਤਕਰਤਾ ਪਰਿਵਾਰ ਖ਼ਿਲਾਫ ਝੂਠਾ ਕੇਸ ਦਰਜ ਕਰਵਾ ਦਿੱਤਾ। ਪੀੜਤ ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਇਸ ਤੋਂ ਬਾਅਦ ਲੜਕੀ ਨੇ ਲੜਕੇ ਨਾਲ ਰਹਿਣ ਤੋਂ ਸਾਫ ਇਨਕਾਰ ਕਰ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਆਹ ਸਿਰਫ ਕੈਨੇਡਾ ਦੀ ਪੀਆਰ ਪ੍ਰਾਪਤ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਸੀ। ਇਸ ਮਾਮਲੇ ’ਚ ਪੁਲਿਸ ਨੇ ਸਾਕਸ਼ੀ ਭਾਰਦਵਾਜ, ਸ਼ਿਖਾ ਭਾਰਦਵਾਜ ਅਤੇ ਰਮਨ ਭਾਰਦਵਾਜ ਖ਼ਿਲਾਫ ਧੋਖਾਧੜੀ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।