ਕੌਂਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਕੀਤਾ ਪੈਦਲ ਮਾਰਚ
ਕੌਂਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੈਦਲ ਮਾਰਚ ਕੀਤਾ
Publish Date: Mon, 23 Feb 2026 06:35 PM (IST)
Updated Date: Tue, 24 Feb 2026 04:08 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੀਨੀਅਰ ਮੀਤ ਪ੍ਰਧਾਨ ਡਾ.ਗੁਰਚਰਨ ਕੌਰ ਕੋਚਰ, ਸਕੱਤਰ ਕੇ.ਸਾਧੂ ਸਿੰਘ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਮਰਜੀਤ ਸਿੰਘ ਸ਼ੇਰਪਰੀ ਦੀ ਅਗਵਾਈ ਹੇਠ ਕੌਂਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੈਦਲ ਮਾਰਚ ਕੀਤਾ ਗਿਆ।
ਪੈਦਲ ਮਾਰਚ ਪੰਜਾਬੀ ਭਵਨ ਨੇੜੇ ਸਥਿੱਤ ਪ੍ਰੋ.ਮੋਹਨ ਸਿੰਘ ਦੇ ਬੁੱਤ ਕੋਲੋਂ ਆਰੰਭ ਹੋਇਆ ਜੋ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਮੁੜ ਇੱਥੇ ਹੀ ਸਮਾਪਤ ਹੋ ਗਿਆ। ਪੈਦਲ ਮਾਰਚ ਦੌਰਾਨ ਪੰਜਾਬੀ ਹਿਤੈਸ਼ੀਆਂ ਨੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਨੂੰ ਦਰਸਾਉਂਦੇ ਬੈਨਰ ’ਚ ਵਿੱਚ ਫੜੇ ਹੋਏ ਸਨ ਜਿਨ੍ਹਾਂ ’ਤੇ ਘਰ ਤੇ ਬਾਹਰ ਪੰਜਾਬੀ ਬੋਲੋ ਪੰਜਾਬੀ ਬੋਲਦੇ ਕਦੇ ਨਾ ਡੋਲੋ, ਮਾਂ ਬੋਲੀ ਨੂੰ ਪਿਆਰ ਕਰੋ ਪੰਜਾਬੀ ਦਾ ਸਤਿਕਾਰ ਕਰੋ, ਮਾਂ ਬੋਲੀ ਦਾ ਮਾਣ ਵਧਾਓ ਤਖਤੀਆਂ ਪੰਜਾਬੀ ਦੇ ਵਿੱਚ ਲਾਓ, ਪੰਜਾਬੀ ਭਾਸ਼ਾ ਦੇ ਮਸਲੇ ਹੱਲ ਕਰੋ ਸਮੇਤ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕ ਕਰਦੀਆਂ ਅਨੇਕਾਂ ਸਤਰਾਂ ਲਿਖੀਆਂ ਹੋਈਆਂ ਸਨ।
ਇਸ ਮੌਕੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਪੰਜਾਬੀ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਟ੍ਰਿਬਿਊਨਲ ਬਣਾਵੇ, ਪੰਜਾਬ ਵਿੱਚ ਨਰਸਰੀ ਤੋਂ ਪੰਜਾਬੀ ਲਾਗੂ ਕਰਨ ਲਈ ਕਾਨੂੰਨ ਬਣਾਇਆ ਜਾਵੇ, ਉੱਚ ਵਿੱਦਿਆ ਪੰਜਾਬੀ ਵਿੱਚ ਵੀ ਦਿੱਤੀ ਜਾਵੇ, ਸਾਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿਤਾਬ ਘਰ ਬਣਾਏ ਜਾਣ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਲੋਕ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ ਡਾ.ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਹਰ ਪੰਜਾਬੀ ਨੂੰ ਜਿੱਥੇ ਆਪਣੇ ਘਰਾਂ ਦੇ ਨਾਵਾਂ ਦੀਆਂ ਤਖਤੀਆਂ, ਦੁੁਕਾਨਾਂ ਅਤੇ ਸੰਸਥਾਵਾਂ ਦੇ ਨਾਮ ਪੰਜਾਬੀ ਵਿੱਚ ਲਿਖਣੇ ਚਾਹੀਦੇ ਹਨ ਉੱਥੇ ਘਰਾਂ ਅਤੇ ਆਮ ਬੋਲ ਚਾਲ ਵਿੱਚ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ।
ਡਾ. ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਤੇਰੀ ਉਮਰ ਲੋਕ ਗੀਤ ਜਿੰਨੀ ਹੋਵੇ ’ਤੇ ਬਦਅਸੀਸ ਲਈ ਕਿਹਾ ਜਾਂਦੈ ਕਿ ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ। ਬਦਨਸੀਬ ਹਨ ਉਹ ਲੋਕ ਆਪਣੀ ਬੋਲੀ ਦੀ ਕਦਰ ਨਹੀਂ ਕਰਦੇ। ਸਾਡੇ ਕੋਲ ਪੰਜਾਬੀ ਮਾਂ ਬੋਲੀ ਦਾ ਮਹਾਨ ਵਿਰਸਾ ਹੈ। ਗੁਰੂ ਸਹਿਬਾਨ ਨੇ ਮਾਂ ਬੋਲੀ ਵਿੱਚ ਬਾਣੀ ਰਚ ਕੇ ਸਾਨੂੰ ਮਾਣ ਬਖਸ਼ਿਆ ਹੈ। ਸੂਫੀ ਕਵੀਆਂ ਨੇ ਪੰਜਾਬੀ ਨੂੰ ਚਾਰ ਚੰਨ ਲਾਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵਿੰਦਰ ਸਿੰਘ ਥਰੀਕੇ,ਹਰਵਿੰਦਰ ਸਿੰਘ ਥਰੀਕੇ, ਬਲਵਿੰਦਰ ਸਿੰਘ ਗਲੈਕਸੀ, ਕੁਲਵਿੰਦਰ ਕੌਰ ਕਿਰਨ ਧੀਮਾਨ, ਮਨਦੀਪ ਕੌਰ ਭੰਮਰਾ, ਜਗਪਾਲ ਜੱਗਾ ਆਦਿ ਹਾਜ਼ਰ ਸਨ।