ਭੁੱਕੀ, ਸ਼ਰਾਬ ਤੇ ‘ਚਿੱਟੇ’ ਸਮੇਤ ਕਈ ਫੜੇ
ਭੁੱਕੀ, ਸ਼ਰਾਬ ਅਤੇ ‘ਚਿੱਟੇ’ ਸਮੇਤ ਕਈ ਫੜੇ
Publish Date: Sat, 21 Mar 2026 06:41 PM (IST)
Updated Date: Sun, 22 Mar 2026 04:11 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਜਗਰਾਓ ਥਾਣਾ ਸਿਟੀ, ਹਠੂਰ ਥਾਣਾ ਸਦਰ ਰਾਏਕੋਟ, ਥਾਣਾ ਜੋਧਾਂ ਅਤੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿਚ ਭੁੱਕੀ, ਸ਼ਰਾਬ ਅਤੇ ਹੈਰੋਇਨ ਸਮੇਤ ਕਈ ਫੜੇ। ਜਗਰਾਓਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ’ਤੇ ਸਨ। ਮੁਖਬਰ ਦੀ ਸੂਚਨਾ ’ਤੇ ਕੋਠੇ ਖੰਜੂਰਾਂ ਰੋਡ ਸ਼ਮਸ਼ਾਨਘਾਟ ਨੇੜੇ ਇਕ ਨੌਜਵਾਨ ਧਰਮਵੀਰ ਸਿੰਘ ਉਰਫ ਲੱਡੂ ਪੁੱਤਰ ਜਸਵੀਰ ਸਿੰਘ ਵਾਸੀ ਇੰਦਰਾ ਕਾਲੋਨੀ ਜਗਰਾਓਂ ਨੂੰ ਸ਼ੱਕ ਦੀ ਬਿਨਾਹ ’ਤੇ ਪੁੱਛਗਿੱਛ ਤੋਂ ਬਾਅਦ ਤਲਾਸ਼ੀ ਲਈ ਤਾਂ ਉਸ ਕੋਲੋਂ 26 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਧਰਮਵੀਰ ਹੈਰੋਇਨ ਲਿਆ ਕੇ ਗਾਹਕਾਂ ਨੂੰ ਸਪਲਾਈ ਕਰਦਾ ਸੀ। ਇਸ ਮਾਮਲੇ ਵਿਚ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਹਠੂਰ ਦੇ ਏਐਸਆਈ ਗੀਤਇੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਲੱਖਾ ’ਚ ਸ਼ਰੇਆਮ ਸ਼ਰਾਬ ਵੇਚਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਦੌਰਾਨ ਸਤਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਲੱਖਾ ਨੂੰ ਕਾਬੂ ਕਰਕੇ ਉਸ ਕੋਲੋਂ 16 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਪੰਜਾਬ ਹੀਰ ਸੋਫੀ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਥਾਣਾ ਸਦਰ ਰਾਏਕੋਟ ਦੇ ਮੁਖੀ ਕੁਲਵਿੰਦਰ ਸਿੰਘ ਨੇ ਗਸ਼ਤ ਦੌਰਾਨ ਪਿੰਡ ਮੁਹੰਮਦਪੁਰਾ ’ਚ ਇੱਕ ਵਿਅਕਤੀ ਨੂੰ ਸ਼ੱਕ ਦੀ ਬਿਨਾਹ ’ਤੇ ਰੋਕਿਆ। ਜਿਸ ’ਤੇ ਤਲਾਸ਼ੀ ਲੈਣ ਤੇ ਉਸ ਕੋਲੋਂ 20 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ। ਇਸ ਮਾਮਲੇ ਵਿਚ ਮਨਜਿੰਦਰ ਸਿੰਘ ਉਰਫ ਰੂਬਲ ਵਾਸੀ ਰਾਏਕੋਟ ਨੂੰ ਕਾਬੂ ਕਰ ਲਿਆ। ਥਾਣਾ ਜੋਧਾਂ ਦੇ ਅਧੀਨ ਪੈਂਦੀ ਚੌਂਕੀ ਛਪਾਰ ਦੇ ਇੰਚਾਰਜ ਜਸਪਾਲ ਸਿੰਘ ਨੇ ਨਾਕਾਬੰਦੀ ਦੌਰਾਨ ਪ੍ਰਭਜੋਤ ਪੁੱਤਰ ਰਵੀ ਕੁਮਾਰ ਪਿੰਡ ਗੜ੍ਹਾ ਨੂੰ 7 ਕਿਲੋ ਭੁੱਕੀ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ ਸਿੱਧਵਾਂ ਬੇਟ ਦੇ ਏਐਸਆਈ ਗੁਰਸੇਵਕ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਲੀਲਾਂ ਮੇਘ ਸਿੰਘ ਤੋਂ ਪਿੰਡ ਜੰਡੀ ਨੂੰ ਜਾਂਦੀ ਡਰੇਨ ਪੁਲ਼ ਨੇੜਿਓਂ ਸਤਨਾਮ ਸਿੰਘ ਉਰਫ ਸੱਤਾ ਪੱਤਰ ਸਿੰਦਰ ਸਿੰਘ ਵਾਸੀ ਮੱਲ੍ਹੇਆਣਾ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।