ਮਨਸਾ ਫਾਊਂਡੇਸ਼ਨ ਨੇ ਜਾਗਰੂਕਤਾ ਸੈਮੀਨਾਰ ਕਰਵਾਇਆ
ਮਨਸਾ ਫਾਊਂਡੇਸ਼ਨ ਵੱਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ
Publish Date: Mon, 09 Mar 2026 08:04 PM (IST)
Updated Date: Tue, 10 Mar 2026 04:10 AM (IST)

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ : ਮਨਸਾ ਫਾਊਂਡੇਸ਼ਨ ਵੱਲੋਂ ਚੇਅਰਮੈਨ ਮੋਹਨੀ ਮਹੰਤ ਦੀ ਅਗਵਾਈ ਹੇਠ ਭਾਰਤ ਨਗਰ ਚੌਂਕ ਦੇ ਨਜ਼ਦੀਕ ਸਥਿਤ ਇੱਕ ਹੋਟਲ ਵਿੱਚ ਟਰਾਂਜੈਂਡਰ ਕਮਿਊਨਿਟੀ ਨੂੰ ਸਮਾਜ ਵਿੱਚ ਆ ਰਹੀਆ ਪਰੇਸ਼ਾਨੀਆਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਚੇਅਰਮੈਨ ਮੋਹਨੀ ਮਹੰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਦੂਜੇ ਸੂਬਿਆਂ ਵਿੱਚ ਸਾਡੀ ਕਮਿਊਨਿਟੀ ਨੂੰ ਬਰਾਬਰ ਦਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਜਦਕਿ ਪੰਜਾਬ ਵਿੱਚ ਅਜੇ ਵੀ ਅਸੀਂ ਭੇਦਭਾਵ ਦਾ ਸ਼ਿਕਾਰ ਹੋ ਰਹੇ ਹਾਂ। ਉਨਾਂ ਕਿਹਾ ਕਿ ਪੰਜਾਬ ਵਿੱਚ ਅਸੀਂ ਪਲਾਟ ਲੈ ਕੇ ਆਪਣਾ ਮਕਾਨ ਨਹੀਂ ਬਣਾ ਸਕਦੇ ਇਥੋਂ ਤੱਕ ਕਿ ਸਿਆਸੀ ਲੀਡਰ ਸਾਡੇ ਕੋਲ ਚੋਣਾਂ ਦੌਰਾਨ ਵੋਂਟ ਵੀ ਨਹੀਂ ਮੰਗਦੇ ਜਦ ਸਾਡੇ ਆਗੂ ਹੀ ਸਾਨੂੰ ਸਮਾਜ ਦਾ ਹਿੱਸਾ ਨਹੀਂ ਮੰਨਦੇ ਤਾਂ ਅਸੀਂ ਆਮ ਜਨਤਾ ਤੋਂ ਕੀ ਉਮੀਦ ਰੱਖ ਸਕਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਆਰਟੀਕਲ 15, 16 ਅਤੇ 19 ਦੇ ਤਹਿਤ ਸਾਡੇ ਹੱਕਾਂ ਅਤੇ ਅਧਿਕਾਰਾਂ ਬਾਰੇ ਸਪਸ਼ਟ ਤੌਰ ਤੇ ਲਿਖਿਆ ਗਿਆ ਹੈ, ਪਰ ਸਾਡੇ ਸਰਕਾਰੀ ਅਫਸਰ ਕੰਮ ਕਰਕੇ ਰਾਜ਼ੀ ਨਹੀਂ ਜਿਸ ਕਾਰਨ ਸਾਨੂੰ ਆਪਣੇ ਹੱਕਾਂ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ। 2016 ਵਿੱਚ ਪੰਜਾਬ ਸਰਕਾਰ ਵੱਲੋਂ ਬਿੱਲ ਪਾਸ ਕੀਤਾ ਗਿਆ ਸੀ ਕਿ ਪੰਜਾਬ ਪੁਲਿਸ ਅਤੇ ਪੰਜਾਬ ਦੇ ਹੋਰ ਅਦਾਰਿਆਂ ਵਿੱਚ ਭਰਤੀ ਦੌਰਾਨ ਟਰਾਂਜੈਂਡਰ ਕਮਿਊਨਿਟੀ ਨੂੰ ਤਿੰਨ ਫੀਸਦੀ ਰਾਖਵਾਂ ਕਰਨ ਦਿੱਤਾ ਜਾਵੇਗਾ ਪਰ ਅਜੇ ਤੱਕ ਉਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ। ਸਾਡੀ ਕਮਿਊਨਿਟੀ ਦੇ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਸਾਨੂੰ ਮੁੱਲ ਦੀ ਜਮੀਨ ਲੈ ਕੇ ਮਕਾਨ ਬਣਾ ਕੇ ਰਹਿਣਾ ਤਾਂ ਦੂਰ ਦੀ ਗੱਲ ਸਾਨੂੰ ਕਿਰਾਏ ਤੇ ਮਕਾਨ ਲੈਣ ਮੌਕੇ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਸਮਾਜ ਦੇ ਲੋਕ ਸਾਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਹਨ ਜਦ ਕਿ ਅਸੀਂ ਵੀ ਸਮਾਜ ਦਾ ਇੱਕ ਅਹਿਮ ਹਿੱਸਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕਿੰਨਰ ਸਮਾਜ ਦਾ ਇੱਕ ਅਹਿਮ ਹਿੱਸਾ ਹਨ ਸਾਨੂੰ ਜੈਨ ਸਮਾਜ ਦੇ ਲੋਕਾਂ ਨੇ ਤਾਂ ਸਨਮਾਨ ਦਿੱਤਾ ਹੈ। ਉਨਾਂ ਕਿਹਾ ਕਿ ਮਹਾਭਾਰਤ ਦੌਰਾਨ ਸਖੰਡੀ ਵੀ ਸਾਡੀ ਕਮਿਊਨਿਟੀ ਨਾਲ ਸੰਬੰਧਿਤ ਸਨ ਜਿਨਾਂ ਦਾ ਮਹਾਂਭਾਰਤ ਯੁੱਧ ਦੌਰਾਨ ਅਹਿਮ ਰੋਲ ਰਿਹਾ ਹੈ। ਮੋਹਣੀ ਮਹੰਤ ਨੇ ਅੱਗੇ ਦੱਸਿਆ ਕਿ ਮੁਗਲ ਰਾਜ ਦੌਰਾਨ ਮੁਗਲਾਂ ਵੱਲੋਂ ਸਾਨੂੰ ਰਿਸਪੈਕਟਡ ਨੌਕਰੀਆਂ ਤੇ ਰੱਖਿਆ ਜਾਂਦਾ ਸੀ ਉਹ ਸਾਡੇ ਤੇ ਬਹੁਤ ਵਿਸ਼ਵਾਸ ਕਰਦੇ ਸਨ ਪਰ ਜਦੋਂ ਭਾਰਤ ਵਿੱਚ ਅੰਗਰੇਜ਼ਾਂ ਨੇ ਰਾਜ ਕੀਤਾ ਤਾਂ ਉਹ ਸਾਨੂੰ ਸ਼ੱਕ ਦੀ ਨਿਗਾ ਨਾਲ ਦੇਖਦੇ ਸਨ ਅਤੇ ਉਨਾਂ ਨੇ ਸਾਨੂੰ ਸਮਾਜ ਤੋਂ ਵੱਖਰਾ ਕਰ ਦਿੱਤਾ। ਅੰਗਰੇਜ਼ ਹਕੂਮਤ ਸਾਨੂੰ ਕ੍ਰਿਮੀਨਲ ਸਮਝਦੀ ਸੀ ਜਿਨਾਂ ਨੇ ਸਾਡੇ ਹੱਕਾਂ ਦੀ ਰਾਖੀ ਕਰਨ ਦੀ ਤੇ ਸਾਨੂੰ ਸਨਮਾਨ ਦੇਣ ਦੀ ਬਜਾਏ ਸਾਡੇ ਹੱਕਾਂ ਨੂੰ ਖੋਹ ਲਿਆ, ਜਦ ਕਿ ਮੁਗਲਾਂ ਸਮੇਂ ਅਸੀਂ ਸਮਾਜ ਦਾ ਇੱਕ ਰਿਸਪੈਕਟਡ ਅੰਗ ਸੀ। ਉਨਾਂ ਸਰਕਾਰ ਅਤੇ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਵੀ ਤੁਹਾਡੇ ਸਮਾਜ ਦਾ ਇੱਕ ਹਿੱਸਾ ਹਾਂ ਸਾਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਨਾ ਦੇਖਿਆ ਜਾਵੇ। ਸਰਕਾਰ ਸਾਡੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪ੍ਰਵਾਨ ਕਰਕੇ ਉਹਨਾਂ ਨੂੰ ਅਮਲ ਵਿੱਚ ਲਿਆਵੇ ਤਾਂ ਕਿ ਅਸੀਂ ਵੀ ਆਪਣਾ ਚੰਗੇ ਤਰੀਕੇ ਨਾਲ ਨਿਰਬਾਹ ਕਰ ਸਕੀਏ ਅਤੇ ਸਮਾਜ ਵਿੱਚ ਸਾਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਨਾਲ ਨਾ ਦੇਖੇ।