ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਵਿਅਕਤੀ ਨੇ ਕੀਤਾ ਸਿਰੰਡਰ
ਬੱਦੋਵਾਲ ਵਿਖੇ ਲਗਜਰੀ ਕਾਰਾ ਦੇ ਸ਼ੋਅ ਰੂਮ ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਵਿਅਕਤੀ ਨੇ ਕੀਤਾ ਸਿਰੰਡਰ
Publish Date: Mon, 02 Mar 2026 09:31 PM (IST)
Updated Date: Tue, 03 Mar 2026 04:11 AM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਬੱਦੋਵਾਲ ਵਿਖੇ ਪੁਰਾਣੀਆਂ ਲਗਜਰੀ ਕਾਰਾਂ ਕਿਰਾਏ ਤੇ ਦੇਣ ਲਈ ਬਣੇ ਸ਼ੋਅ ਰੂਮ ਤੇ ਗੋਲੀਆਂ ਦਾਗਣ ਵਾਲੇ ਸ਼ੂਟਰ ਨੂੰ ਪਨਾਹ ਦੇਣ ਦੇ ਦੋਸ ਵਿੱਚ ਨਾਮਜ਼ਦ ਕੀਤੇ ਮਨਪ੍ਰੀਤ ਸਿੰਘ ਵਾਸੀ ਜ਼ਿਲ੍ਹਾ ਸੰਗਰੂਰ ਨੇ ਥਾਣਾ ਦਾਖਾ ਦੀ ਪੁਲਿਸ ਕੋਲ ਸਿਰੰਡਰ ਕਰ ਦਿੱਤਾ ਹੈ । ਥਾਣਾ ਦਾਖਾ ਮੁੱਖੀ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਕੋਲ ਸ਼ੂਟਰਾਂ ਨੇ ਗੋਲੀ ਕਾਂਡ ਤੋਂ ਪਹਿਲਾਂ ਅਤੇ ਗੋਲੀ ਕਾਂਡ ਤੋਂ ਬਾਅਦ ਪਨਾਹ ਲਈ ਸੀ ਅਤੇ ਇਸਨੂੰ ਪਰਚੇ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਿਸਨੇ ਆਪਣੇ ਆਪ ਥਾਣਾ ਦਾਖਾ ਵਿਖੇ ਆਕੇ ਸਿਰੰਡਰ ਕਰ ਦਿੱਤਾ ਹੈ। ਜਿਸ ਤੋਂ ਪੁੱਛਗਿੱਛ ਕਰਨੀ ਬਾਕੀ ਹੈ । ਪੁੱਛਗਿੱਛ ਉਪਰੰਤ ਸਾਰਾ ਖੁਲਾਸਾ ਕੀਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਥਾਣਾ ਦਾਖਾ ਦੀ ਪੁਲਿਸ ਨੇ ਸ਼ੌਰੂਮ ਤੇ ਗੋਲੀਆਂ ਚਲਾਉਂਣ ਦੇ ਮਾਮਲੇ ’ਚ ਪਰਵਿੰਦਰ ਸਿੰਘ ਦੇ ਬਿਆਨਾਂ ਤੇ ਦੋ ਅਣਪਛਾਤੇ ਸ਼ੂਟਰਾਂ ਵਿਰੁੱਧ ਕੇਸ ਦਰਜ ਕਰਕੇ ਤਫਤੀਸ਼ ਆਰੰਭੀ ਸੀ। ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਲੁਧਿਆਣਾ ਫਿਰੋਜਪੁਰ ਨੈਸ਼ਨਲ ਹਾਈਵੇ ਤੇ 10 ਜਨਵਰੀ ਨੂੰ ਆਈ.ਟੀ.ਬੀ.ਪੀ ਗੇਟ ਬੱਦੋਵਾਲ ਦੇ ਸਾਹਮਣੇ ਪੁਰਾਣੀਆਂ ਕਾਰਾਂ ਦੇ ਸ਼ੋਅਰੂਮ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਸ਼ੂਟਰਾਂ ਨੇ ਦੋਵੇਂ ਹੱਥਾਂ ਵਿੱਚ ਰਿਵਾਲਵਰ ਫੜ ਕੇ ਮਹਿੰਗੀਆਂ ਗੱਡੀਆਂ ਅਤੇ ਸ਼ੋਅਰੂਮ ਉੱਪਰ ਗੋਲੀਆਂ ਦਾਗੀਆਂ ਗਈਆਂ ਸਨ ਅਤੇ ਮੌਕੇ ਜਾਂਦੇ ਹੋਏ ਦੋ ਪਰਚੀਆਂ ਮੁਹੱਬਤ ਰੰਧਾਵਾ ਅਤੇ ਪਵਨ ਸ਼ੌਕੀਨ ਦੇ ਨਾਮ ਦੀਆਂ ਹੱਥ ਲਿਖਤ ਸੁੱਟ ਕੇ ਫਰਾਰ ਹੋ ਗਏ ਸਨ । ਇਹਨਾਂ ਪਰਚੀਆਂ ਤੇ ਅੰਕਿਤ ਨਾਵਾਂ ਨੂੰ ਆਧਾਰ ਬਣਾ ਕੇ ਦਾਖਾ ਪੁਲਿਸ ਨੇ ਜਾਂਚ ਆਰੰਭੀ ਸੀ ਅਤੇ ਜਾਂਚ ਦੌਰਾਨ ਪਵਨ ਸ਼ੌਕੀਨ ਦੀ ਪਤਨੀ ਵਿਜੇ ਕੁਮਾਰੀ ਅਤੇ ਨਵੀਨ ਦੇਸਵਾਲ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਇਹ ਦੋਵੇਂ ਹੁਣ ਲੁਧਿਆਣਾ ਜੇਲ ਵਿੱਚ ਬੰਦ ਹਨ ਉਥੇ ਕੌਸਲ ਚੌਧਰੀ ਵੀ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਵਿੱਚ ਬੰਦ ਹੈ । ਗੋਲੀ ਕਾਂਡ ਦੀਆਂ ਪਰਤਾਂ ਹੌਲੀ ਹੌਲੀ ਖੁੱਲ੍ਹ ਰਹੀਆਂ ਹਨ ਅਤੇ ਪੁਲਿਸ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਪੂਰੀ ਮਸਰੂਫ ਹੈ।