ਝਗੜੇ ਦੌਰਾਨ ਪੁਲਿਸ ਦੀ ਵਰਦੀ ਪਾੜਨ ਵਾਲਾ ਗ੍ਰਿਫ਼ਤਾਰ
ਲੜਾਈ ਝਗੜੇ ਦੌਰਾਨ ਪੁਲਿਸ ਦੀ ਵਰਦੀ ਪਾੜਨ ਵਾਲਾ ਗ੍ਰਿਫਤਾਰ
Publish Date: Tue, 06 Jan 2026 09:52 PM (IST)
Updated Date: Wed, 07 Jan 2026 04:09 AM (IST)

ਗਲੀ ਦੇ ਝਗੜੇ ਦੀ ਪੜਤਾਲ ਲਈ ਮੌਕੇ ’ਤੇ ਗਏ ਪੁਲਿਸ ਮੁਲਾਜ਼ਮਾਂ ਨਾਲ ਹੋਈ ਸੀ ਬਦਸਲੂਕੀ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਟਿੱਬਾ ਰੋਡ ਹਰਦੇਵ ਇਨਕਲੇਵ ਇਲਾਕੇ ’ਚ ਲੜਾਈ-ਝਗੜੇ ਦੌਰਾਨ ਇੱਕ ਪੱਖ ਨਾਲ ਸਬੰਧਤ ਲੋਕਾਂ ਨੇ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਨਾਲ ਵੀ ਬਦਸਲੂਕੀ ਕੀਤੀ। ਉਨ੍ਹਾਂ ਮੌਕੇ ’ਤੇ ਪੜਤਾਲ ਲਈ ਗਏ ਡਿਊਟੀ ਅਫਸਰ ਨਾਲ ਗਾਲੀ-ਗਲੌਚ ਤੇ ਹੱਥੋਂਪਾਈ ਕਰਨ ਮਗਰੋਂ ਮੁਲਾਜ਼ਮ ਦੀ ਵਰਦੀ ਨੂੰ ਹੱਥ ਪਾ ਕੇ ਸਰਕਾਰੀ ਡਿਊਟੀ ’ਚ ਵਿਘਨ ਪਾਇਆ। ਇਸ ਮਾਮਲੇ ’ਚ ਥਾਣਾ ਟਿੱਬਾ ਪੁਲਿਸ ਵੱਲੋਂ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਦੇ ਬਿਆਨ ਉੱਪਰ ਮੁਲਜ਼ਮ ਪ੍ਰਿੰਸ ਵਰਮਾ ਉਰਫ ਨਾਈਸ ਵਾਸੀ ਮੁਹੱਲਾ ਹਰਦੇਵ ਇਨਕਲੇਵ, ਉਸ ਦੀ ਮਾਂ ਦੀਕਸ਼ਾ ਵਰਮਾ ਤੇ ਰਾਜੀਵ ਕੁਮਾਰ ਖਿਲਾਫ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਮੌਕੇ ਤੋਂ ਪ੍ਰਿੰਸ ਵਰਮਾ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਮੁਹੱਲਾ ਹਰਦੇਵ ਇਨਕਲੇਵ ਟਿੱਬਾ ਰੋਡ ਇਲਾਕੇ ’ਚ ਗੱਡੀਆਂ ਪਾਰਕ ਕਰਨ ਨੂੰ ਲੈ ਕੇ ਕੁਝ ਲੋਕਾਂ ਦਰਮਿਆਨ ਝਗੜਾ ਹੋ ਰਿਹਾ ਹੈ। ਇਸ ਜਾਣਕਾਰੀ ਤੋਂ ਬਾਅਦ ਉਹ ਬਤੌਰ ਡਿਊਟੀ ਅਫਸਰ ਮੌਕੇ ’ਤੇ ਗਏ ਤੇ ਵਿਕਾਸ, ਸੰਜੀਵ ਕੁਮਾਰ ਤੇ ਪ੍ਰਿੰਸ ਵਰਮਾ ਨਾਲ ਗੱਲਬਾਤ ਕਰ ਕੇ ਝਗੜੇ ਦੀ ਵਜ੍ਹਾ ਬਾਰੇ ਪੜਤਾਲ ਕਰਨ ਲੱਗ ਗਏ। ਇਸ ਦੌਰਾਨ ਪ੍ਰਿੰਸ ਵਰਮਾ ਉਰਫ ਨਾਈਸ, ਉਸ ਦੀ ਮਾਂ ਦੀਕਸ਼ਾ ਵਰਮਾ ਤੇ ਰਾਜੀਵ ਕੁਮਾਰ ਨੇ ਤੈਸ਼ ’ਚ ਆ ਕੇ ਪੁਲਿਸ ਮੁਲਾਜ਼ਮਾਂ ਨਾਲ ਹੀ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਾਫੀ ਸਮਝਾਇਆ ਪਰ ਮੁਲਜ਼ਮਾਂ ਨੇ ਉਨ੍ਹਾਂ ਨੂੰ ਸਰਕਾਰੀ ਡਿਊਟੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਵਰਦੀ ਨੂੰ ਹੱਥ ਪਾ ਕੇ ਹੱਥੋਪਾਈ ਵੀ ਕੀਤੀ। ਕਈ ਵਾਰ ਸਮਝਾਉਣ ਦੇ ਬਾਵਜੂਦ ਮੁਲਜ਼ਮ ਬਾਜ਼ ਨਾ ਆਏ ਤਾਂ ਪੁਲਿਸ ਪਾਰਟੀ ਨੇ ਮੁਲਜ਼ਮ ਪ੍ਰਿੰਸ ਵਰਮਾ ਨੂੰ ਹਿਰਾਸਤ ’ਚ ਲਿਆ ਤੇ ਤਿੰਨਾਂ ਮੁਲਜ਼ਮਾਂ ਖਿਲਾਫ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।