ਮਾਲਵਾ ਰੰਗਮੰਚ ਪੰਜਾਬ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਦਾ ਸਨਮਾਨ
ਮਾਲਵਾ ਰੰਗਮੰਚ ਪੰਜਾਬ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਦਾ ਸਨਮਾਨ
Publish Date: Fri, 20 Feb 2026 07:33 PM (IST)
Updated Date: Fri, 20 Feb 2026 07:36 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਮਾਲਵਾ ਰੰਗਮੰਚ ਪੰਜਾਬ ਵੱਲੋਂ ਪੰਜਾਬ ਦੌਰੇ ’ਤੇ ਆਏ ਲੁਧਿਆਣਾ ਪਹੁੰਚੇ ਅਮਰੀਕਾ ਵੱਸਦੇ ਪੰਜਾਬੀ ਲੇਖਕ ਅਤੇ ਚਿੰਤਕ ਗੁਰਜਤਿੰਦਰ ਸਿੰਘ ਰੰਧਾਵਾ ਦਾ ਸਨਮਾਨ ਕੀਤਾ ਗਿਆ। ਮੰਚ ਵੱਲੋਂ ਇਹ ਸਨਮਾਨ ਪ੍ਰੋ. ਨਿਰਮਲ ਸਿੰਘ ਜੌੜਾ ਅਤੇ ਰਵਿੰਦਰ ਰੰਗੂਵਾਲ ਨੇ ਪ੍ਰਦਾਨ ਕੀਤਾ। ਇਸ ਮੌਕੇ ਰੰਧਾਵਾ ਨੇ ਕਿਹਾ ਕਿ ਬੇਸ਼ੱਕ ਪ੍ਰਵਾਸੀਆਂ ਨੂੰ ਰੁਜ਼ਗਾਰ ਲਈ ਅੰਗਰੇਜ਼ੀ ਜਾਂ ਹੋਰ ਵਿਦੇਸ਼ੀ ਭਾਸ਼ਾਵਾਂ ਬੋਲਣੀਆਂ ਪੈਂਦੀਆਂ ਹਨ ਹਰ ਪਰਵਾਸੀ ਪੰਜਾਬੀ ਆਪਣੀ ਮਾਂ ਬੋਲੀ ਨਾਲ ਜੁੜ ਕੇ ਰਹਿਣਾ ਚਾਹੁੰਦਾ ਹੈ ਅਤੇ ਹਮੇਸ਼ਾ ਜੁੜ ਕੇ ਰਹਿੰਦਾ ਹੈ। ਮਾਲਵਾ ਰੰਗਮੰਚ ਪੰਜਾਬ ਵੱਲੋਂ ਕਰਵਾਏ ਵਿਸ਼ੇਸ ਸਮਾਗਮ ਵਿੱਚ ਪੰਜਾਬੀ ਲੇਖਕਾਂ, ਰੰਗਕਰਮੀਆਂ ਅਤੇ ਸਾਹਿਤ ਪ੍ਰੇਮੀਆਂ ਦੇ ਰੂਬਰੂ ਹੁੰਦਿਆਂ ਰੰਧਾਵਾ ਨੇ ਕਿਹਾ ਕਿ ਇਸ ਵੇਲੇ ਵਿਦੇਸ਼ਾਂ ਵਿੱਚ ਪੰਜਾਬੀਆਂ ਅਤੇ ਪੰਜਾਬੀ ਬੋਲੀ ਦਾ ਪੂਰੀ ਤਰਾਂ ਬੋਲ ਬਾਲਾ ਹੈ ਅਤੇ ਅਸੀਂ ਉਨਾਂ ਵਿਕਸਤ ਮੁਲਕਾਂ ਦੀ ਹਰ ਸਰੋਕਾਰ ਵਿੱਚ ਧਿਰ ਬਣੇ ਹੋਏ ਹਾਂ। ਰੰਧਾਵਾ ਨੇ ਕਿਹਾ ਕਿ ਇਹ ਗੱਲ ਮਾਣ ਵਾਲੀ ਹੈ ਕਿ ਦੁਨੀਆਂ ਵੱਡੇ ਏਅਰਪੋਰਟਾਂ ਸਮੇਤ ਵਪਾਰਕ ਅਦਾਰਿਆਂ ਤੇ ਪੰਜਾਬੀ ਵਿੱਚ ਬੋਰਡ ਲੱਗੇ ਹੋਏ ਹਨ। ਰੰਧਾਵਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਹਰ ਪੰਜਾਬੀ ਪਰਵਾਸੀ ਇਹ ਵੀ ਚਾਹੁੰਦਾ ਹੈ ਕਿ ਉਸਦੇ ਬੱਚੇ ਆਪਣੀ ਮਾਂ ਬੋਲੀ ਪੰਜਾਬੀ, ਧਰਤੀ ਅਤੇ ਸਭਿਅਚਾਰ ਨਾਲ ਮੋਹ ਰੱਖੇ ਅਤੇ ਆਪਣੀਆਂ ਤੰਦਾਂ ਜੋੜੀ ਰੱਖੇ। ਸਮਾਗਮ ਦੌਰਾਨ ਸਭ ਦਾ ਸਵਾਗਤ ਕਰਦਿਆਂ ਮਾਲਵਾ ਰੰਗਮੰਚ ਦੇ ਸਕੱਤਰ ਪ੍ਰੋਫੈਸਰ ਨਿਰਮਲ ਜੌੜਾ ਨੇ ਕਿਹਾ ਕਿ ਸਾਡੀ ਭਾਸ਼ਾ ਹੀ ਸਾਨੂੰ ਦੁਨੀਆ ’ਤੇ ਪਛਾਣ ਦਿਵਾਉਂਦੀ ਹੈ ਜਿਸ ਕਰ ਕੇ ਵਿਸ਼ਵ ਵਿੱਚ ਪੰਜਾਬੀਅਤ ਦਾ ਝੰਡਾ ਝੁੱਲ ਰਿਹਾ ਹੈ। ਮਾਲਵਾ ਰੰਗਮੰਚ ਦੇ ਸਕੱਤਰ ਦੇ ਚੇਅਰਮੈਨ ਪ੍ਰੋ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਾਡੇ ਬੁੱਧੀਜੀਵੀਆਂ ਦਾ ਆਪਣੀ ਧਰਤੀ ਅਤੇ ਸੱਭਿਆਚਾਰ ਨਾਲ ਜੁੜ ਕੇ ਰਹਿਣਾ ਪੰਜਾਬ ਲਈ ਸਕੂਨ ਵਾਲੀ ਗੱਲ ਹੈ। ਰਵਿੰਦਰ ਰੰਗੂਵਾਲ ਨੇ ਸਭ ਦਾ ਧੰਨਵਾਦ ਕੀਤਾ।