ਹਰਨਾਮ ਨਗਰ ਸੁਸਾਇਟੀ ਨੂੰ ਗਾਗਰ ਭੇਟ ਕਰ ਕੇ ਦਿੱਤਾ ਮੇਲੇ ਦਾ ਸੱਦਾ
ਮਾਲਵਾ ਸਭਿਆਚਾਰਕ ਮੰਚ ਵੱਲੋਂ ਹਰਨਾਮ ਨਗਰ ਸੁਸਾਇਟੀ ਨੂੰ ਗਾਗਰ ਭੇਂਟ ਕਰ ਦਿੱਤਾ ਮੇਲੇ ਦਾ ਸੱਦਾ
Publish Date: Tue, 06 Jan 2026 09:07 PM (IST)
Updated Date: Wed, 07 Jan 2026 04:09 AM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਮਾਲਵਾ ਸਭਿਆਚਾਰਕ ਮੰਚ ਵੱਲੋਂ 10 ਜਨਵਰੀ ਨੂੰ ਗੁਰੂ ਨਾਨਕ ਭਵਨ ਵਿਖੇ ਕਰਵਾਏ ਜਾ ਰਹੇ ‘ਧੀਆਂ ਦੇ 30ਵੇਂ ਲੋਹੜੀ ਮੇਲੇ’ ਦਾ ਅੱਜ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਭੁੱਗੇ ਦੀ ਗਾਗਰ ਭੇਟ ਕਰ ਕੇ ਹਰਨਾਮ ਨਗਰ ਵੈੱਲਫੇਅਰ ਸੁਸਾਇਟੀ ਦੀਆਂ ਔਰਤਾਂ ਨੂੰ ਸੱਦਾ ਦਿੱਤਾ। ਇਸ ਮੌਕੇ ਬਾਵਾ ਨੇ ਪ੍ਰਿੰਸੀਪਲ ਉਮਾ ਪਨੇਸਰ, ਜਸਵਿੰਦਰ ਕੌਰ ਬਿੰਦਰਾ ਤੇ ਭਾਜਪਾ ਆਗੂ ਤੇ ਸਮਾਜ-ਸੇਵੀ ਅਮਰਜੀਤ ਸਿੰਘ ਟਿੱਕਾ ਨੂੰ ਲੋਹੜੀ ਦੀ ਗਾਗਰ ਭੇਟ ਕੀਤੀ। ਇਸ ਮੌਕੇ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਬੇਟੀਆਂ ਦੀ ਲੋਹੜੀ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਮਨਾਉਣੀ ਚਾਹੀਦੀ ਹੈ ਤਾਂ ਕਿ ਭਾਈਚਾਰਕ ਸਾਂਝ ਮਜਬੂਤ ਹੋਵੇ ਤੇ ਆਪਸੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੇ ਹੋਏ ਨੰਨ੍ਹੀਆਂ ਬੇਟੀਆਂ ਦੀਆਂ ਖੁਸ਼ੀਆਂ ’ਚ ਸਾਂਝ ਪਾਈਏ। ਉਨ੍ਹਾਂ ਕਿਹਾ ਕਿ ਹਰ ਸਾਲ ਹਰਨਾਮ ਨਗਰ ਵੈੱਲਫੇਅਰ ਸੁਸਾਇਟੀ ਦੀਆਂ ਔਰਤਾਂ ਵੱਡੇ ਕਾਫਲੇ ਦੇ ਰੂਪ ’ਚ ਮੇਲੇ ’ਚ ਸ਼ਾਮਲ ਹੋ ਕੇ ਮੇਲੇ ’ਚ ਰੰਗ ਭਰਦੀਆਂ ਹਨ। ਇਸ ਮੌਕੇ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਇਹ ਮੇਲੇ ਸਮਾਜਿਕ ਕੁੜੱਤਣ ਖਤਮ ਕਰ ਕੇ ਭਾਈਚਾਰਕ ਸਾਂਝ ’ਚ ਮਿਠਾਸ ਭਰਦੇ ਹਨ। ਸਭ ਨੂੰ ਸਿਆਸੀ ਵੱਟਾਂ ਤੋਂ ਉੱਪਰ ਉੱਠ ਕੇ ਇਸ ਵਿਸ਼ਾਲ ਸੋਚ ਦਾ ਸਤਿਕਾਰ ਕਰਦੇ ਹੋਏ ਮੇਲੇ ’ਚ ਸ਼ਾਮਲ ਹੋਣਾ ਚਾਹੀਦਾ ਹੈ। ਬਾਵਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਜਨਵਰੀ ਦੁਪਹਿਰ ਲੁਹਾਰਾ ਪੁਲ ’ਤੇ ਸਥਿਤ ਪੈਲੱਸ ’ਚ ‘ਸਾਡੀ ਵਿਰਾਸਤ’ ਵਿਸ਼ੇ ’ਤੇ ਸਮਾਗਮ ਹੋਵੇਗਾ। ਇਸ ਮੌਕੇ ਕੋਮਲ ਉਬਰਾਏ, ਜਿਊਡੀ, ਸ਼ਾਲੂ, ਰੂਜੀ, ਬਾਣੀ ਗਾਂਧੀ, ਰੋਜ਼ੀ ਰੂਬਲ, ਰੀਤੂ ਮਨੂਜਾ, ਮਿੰਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।