ਨੈਸ਼ਨਲ ਖੇਡਾਂ ’ਚ ਪ੍ਰਬੰਧਕਾਂ ਦੀ ਵੱਡੀ ਲਾਪਰਵਾਹੀ : ਖਿਡਾਰੀਆਂ ਨੇ ਖਾਣ-ਪੀਣ ਨੂੰ ਲੈ ਕੇ ਖੋਲ੍ਹਿਆ ਮੋਰਚਾ, ਜਤਾਈ ਨਾਰਾਜ਼ਗੀ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਚ ਵੱਖ-ਵੱਖ ਸੂਬਿਆਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਨੈਸ਼ਨਲ ਖੇਡਾਂ ਦੇ ਮੁਕਾਬਲੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਏ ਜਾ ਰਹੀਆਂ ਹਨ, ਉੱਥੇ ਹੀ ਬੱਚਿਆਂ ਦੇ ਰਹਿਣ ਅਤੇ ਖਾਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਖਿਡਾਰੀਆਂ ਦੇ ਰਹਿਣ ਅਤੇ ਖਾਣ ਲਈ ਕੀਤੇ ਪ੍ਰਬੰਧਾਂ ’ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ।
Publish Date: Fri, 09 Jan 2026 12:38 PM (IST)
Updated Date: Fri, 09 Jan 2026 12:44 PM (IST)
ਰਵੀ, ਪੰਜਾਬੀ ਜਾਗਰਣ, ਲੁਧਿਆਣਾ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਚ ਵੱਖ-ਵੱਖ ਸੂਬਿਆਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਨੈਸ਼ਨਲ ਖੇਡਾਂ ਦੇ ਮੁਕਾਬਲੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਏ ਜਾ ਰਹੀਆਂ ਹਨ, ਉੱਥੇ ਹੀ ਬੱਚਿਆਂ ਦੇ ਰਹਿਣ ਅਤੇ ਖਾਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਖਿਡਾਰੀਆਂ ਦੇ ਰਹਿਣ ਅਤੇ ਖਾਣ ਲਈ ਕੀਤੇ ਪ੍ਰਬੰਧਾਂ ’ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ 69ਵੀਆਂ ਨੈਸ਼ਨਲ ਖੇਡਾਂ ਵਿੱਚ ਹਿੱਸਾ ਲੈਣ ਲਈ ਖਿਡਾਰੀ ਆਪਣੇ ਕੋਚ ਅਤੇ ਮਾਪਿਆਂ ਨਾਲ ਵੱਖ-ਵੱਖ ਰਾਜਾਂ ਤੋਂ ਮਹਾਨਗਰ ਪਹੁੰਚੇ ਹਨ। ਜਿਨ੍ਹਾਂ ਦੇ ਹਲਾਤ ਜਾਨਣ ਲਈ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਵੱਖ-ਵੱਖ ਸਥਾਨਾਂ ’ਤੇ ਰਹਿ ਰਹੇ ਖਿਡਾਰੀਆਂ ਦੇ ਹਾਲ ਦੇਖੇ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ। ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਨੇ ਕਿਹਾ ਕਿ ਖੇਡਾਂ ਨੂੰ ਲੈ ਕੇ ਪਹਿਲੇ ਦਿਨ ਜਿਨ੍ਹਾਂ ਉਤਸ਼ਾਹ ਸੀ, ਉਹ ਮਾੜੇ ਪ੍ਰਬੰਧਾਂ ਕਾਰਨ ਖ਼ਤਮ ਹੋ ਗਿਆ।
ਖਿਡਾਰੀਆਂ ਨੇ ਗੱਲਬਾਤ ਕਰਦੇ ਹੋਏ ਉਨ੍ਹਾਂ ਦੇ ਰਹਿਣ ਤੋਂ ਲੈ ਕੇ ਖਾਣ-ਪੀਣ ਅਤੇ ਪਖਾਨਿਆਂ ਦੇ ਕੀਤੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਖਿਡਾਰੀਆਂ ਦੇ ਰੁਕਣ ਲਈ ਪ੍ਰਬੰਧ ਕੀਤੇ ਗਏ ਹਨ। ਉਥੇ ਦੇ ਹਾਲਾਤ ਬਹੁਤ ਹੀ ਮਾੜੇ ਹਨ, ਉਨ੍ਹਾਂ ਨੂੰ ਰਹਿਣ ਲਈ ਮਿਲੇ ਕਮਰਿਆਂ 'ਚ ਨਾ ਤਾਂ ਠੰਡ ਤੋਂ ਬਚਣ ਲਈ ਬਿਸਤਰੇ ਹਨ ਅਤੇ ਨਾ ਹੀ ਖਾਣਾ ਵਧੀਆ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 69ਵੀਆਂ ਨੈਸ਼ਨਲ ਖੇਡਾਂ ਜਿਸ ਦੇ ਮੈਚ ਤਾਈਕਵਾਂਡੋ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪੀਏਯੂ ਦੇ ਗਰਾਊਂਡ ਵਿੱਚ, ਗਤਕਾ ਮੁਕਾਬਲਾ ਓਪਨ ਏਅਰ ਥਿਏਟਰ ਪੀਏਯੂ ਅਤੇ ਜੁੱਡੋ ਦੇ ਮੁਕਾਬਲੇ ਬੀਸੀਐਮ ਸਕੂਲ ਵਿਖੇ ਕਰਵਾਏ ਜਾ ਰਹੇ ਹਨ।
ਠੰਢ ਤੋਂ ਬਚਣ ਲਈ ਵਿਦਿਆਰਥੀ ਅੱਗ ਬਾਲਣ ਲਈ ਮਜਬੂਰ
ਸੂਬੇ ਭਰ ਵਿੱਚ ਕੜਾਕੇ ਦੀ ਪੈ ਰਹੀ ਠੰਡ ਅਤੇ ਸ਼ੀਤ ਲਹਿਰ ਕਾਰਨ ਲੋਕ ਜਿੱਥੇ ਘਰਾਂ 'ਚ ਰਹਿਣ ਨੂੰ ਮਜਬੂਰ ਹਨ। ਉੱਥੇ ਹੀ, ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪੇ ਅਤੇ ਕੋਚ ਦੇ ਬੈਠਣ ਲਈ ਖੇਡ ਪ੍ਰਬੰਧਕਾਂ ਵੱਲੋਂ ਪੀਏਯੂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਮੈਦਾਨ ਵਿੱਚ ਇਕ ਜਾਲੀਦਾਰ ਟੈਂਟ ਲਗਾਇਆ ਗਿਆ ਹੈ, ਜੋ ਕਿ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਉਨ੍ਹਾਂ ਦੇ ਮਾਪਿਆਂ ਅਤੇ ਕੋਚ ਲਈ ਬਹੁਤ ਹੀ ਛੋਟਾ ਹੈ। ਇਨ੍ਹਾਂ ਦਿਨਾਂ ਵਿੱਚ ਚੱਲ ਰਹੀ ਸੀਤ ਲਹਿਰ ਨੂੰ ਰੋਕਣ ਲਈ ਇਹ ਜਾਲੀਦਾਰ ਟੈਂਟ ਮਜਬੂਰ ਜਿਹਾ ਸਾਬਿਤ ਹੋ ਰਿਹਾ ਹੈ, ਕਿਉਂਕਿ ਸੀਤ ਲਹਿਰ ਦੀ ਮਾਰ ਨੂੰ ਇਹ ਟੈਂਟ ਝੱਲ ਨਹੀਂ ਪਾ ਰਿਹਾ। ਜਿਸ ਕਰਕੇ ਖਿਡਾਰੀ ਅਤੇ ਉਨ੍ਹਾਂ ਦੇ ਨਾਲ ਆਏ ਕੋਚ ਗਰਾਊਂਡ ਵਿੱਚ ਅੱਗ ਬਾਲ ਕੇ ਬੈਠਣ ਨੂੰ ਮਜਬੂਰ ਹਨ।
ਵਿਰੋਧ ਅਤੇ ਸਖ਼ਤੀ ਤੋਂ ਬਾਅਦ ਮਿਲੇ ਗੱਦੇ ਤੇ ਰਜਾਈਆਂ
ਕੁਝ ਵਿਦਿਆਰਥੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਸਕੂਲ ਵਿੱਚ ਉਨ੍ਹਾਂ ਦੇ ਰੁਕਣ ਲਈ ਪ੍ਰਬੰਧ ਕੀਤੇ ਗਏ ਸਨ, ਉੱਥੇ ਸਿਰਫ਼ ਗਲੀਚੇ ਵਿਛਾਏ ਹੋਏ ਸਨ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਖ਼ਤ ਵਿਰੋਧ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਰਜਾਈ ਅਤੇ ਗੱਦੇ ਦਿੱਤੇ ਗਏ, ਜੋ ਕਿ ਬਹੁਤ ਹੀ ਮਾੜੀ ਹਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਕਮਰਿਆਂ ਦੀਆਂ ਖਿੜਕੀਆਂ ਵੀ ਟੁੱਟੀਆਂ ਹਨ ਅਤੇ ਕਮਰੇ ਵੀਂ ਸਾਫ਼ ਨਹੀਂ ਹਨ। ਕੁਝ ਦਾ ਕਹਿਣਾ ਹੈ ਕਿ ਸਹੀ ਪ੍ਰਬੰਧ ਨਾ ਹੋਣ ਕਰਕੇ ਅਤੇ ਠੰਢ ਜ਼ਿਆਦਾ ਹੋਣ ਕਰਕੇ ਮਜਬੂਰੀ ਵਿੱਚ ਉਨ੍ਹਾਂ ਵੱਲੋਂ ਹੋਟਲ ਬੁਕ ਕਰਵਾ ਲਏ ਗਏ ਹਨ।
ਖੇਡ ਹਾਲ ’ਚ ਐਂਟਰੀ ਨਾ ਹੋਣ ਕਰਕੇ ਨਿਰਾਸ਼ਾ
ਖਿਡਾਰੀਆਂ ਨੇ ਖੇਡ ਹਾਲ ਵਿੱਚ ਐਂਟਰੀ ਨਾ ਦੇਣ ਕਰਕੇ ਵੀ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਾਫੀ ਦੂਰੋਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਆਏ ਹਾਂ ਪਰ ਸਾਨੂੰ ਖੇਡ ਹਾਲ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ।
ਉਨ੍ਹਾਂ ਦੱਸਿਆ ਕਿ ਖੇਡ ਹਾਲ ਵਿੱਚ ਸਿਰਫ਼ ਜਿਹੜੇ ਖਿਡਾਰੀ ਨੇ ਖੇਡਣਾ ਹੈ ਅਤੇ ਉਸ ਦੇ ਕੋਚ ਦੀ ਹੀ ਐਂਟਰੀ ਹੋ ਸਕਦੀ ਹੈ। ਬਾਕੀ ਖਿਡਾਰੀਆਂ ਨੂੰ ਮੈਚ ਦੇਖਣ ਤੋਂ ਵੀ ਮਨ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਡ ਹਾਲ ਕਾਫੀ ਛੋਟਾ ਵੀ ਹੈ।
ਕੀ ਕਹਿਣਾ ਹੈ ਜ਼ਿਲ੍ਹਾ ਖੇਡ ਕੋਆਰਡੀਨੇਟਰ ਦਾ
ਖਿਡਾਰੀਆਂ ਦੀਆਂ ਦਿੱਕਤਾਂ ਸਬੰਧੀ ਜਦੋਂ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਬੰਧਾਂ ਨੂੰ ਲੈ ਕੇ ਕੋਈ ਵੀ ਕੁਤਾਹੀ ਨਹੀਂ ਵਰਤੀ ਗਈ ਹੈ। ਫਿਰ ਵੀ ਜੇ ਖਿਡਾਰੀਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਬਾਬਤ ਟੀਮ ਨਾਲ ਲਗਾਏ ਗਏ ਸੰਬੰਧਿਤ ਅਧਿਕਾਰੀ ਤੋਂ ਇਸ ਬਾਰੇ ਰਿਪੋਰਟ ਲਈ ਜਾਵੇਗੀ ਅਤੇ ਦਿੱਕਤਾਂ ਨੂੰ ਦੂਰ ਕਰਨ ਦੀ ਪੁਰਜੋਰ ਕੋਸ਼ਿਸ਼ ਕੀਤੀ ਜਾਵੇਗੀ।