48 ਹਜ਼ਾਰ ਰੁਪਏ ਦੀ ਮੰਗ ਨੂੰ ਲੈ ਕੇ ਮਹਿਲਾ ਕਾਂਗਰਸ ਵਲੋਂ ਕੈਬਨਿਟ ਮੰਤਰੀ ਦੀ ਰਿਹਾਇਸ਼ ਦਾ ਘਿਰਾਓ
ਮਹਿਲਾ ਕਾਂਗਰਸ ਨੇ 48 ਹਜ਼ਾਰ ਰੁਪਏ ਦੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਮੁੰਡੀਆਂ ਦਾ ਰਿਹਾਇਸ਼ ਘੇਰਿਆ
Publish Date: Mon, 16 Mar 2026 08:58 PM (IST)
Updated Date: Tue, 17 Mar 2026 04:13 AM (IST)
- ਪੰਜਾਬ ਦੀਆਂ ਮਹਿਲਾਵਾਂ ਨਾਲ ਆਪ ਸਰਕਾਰ ਨੇ ਕੀਤਾ ਧੋਖਾ : ਬਾਜਵਾ
ਲੁਧਿਆਣਾ : ਆਮ ਆਦਮੀ ਪਾਰਟੀ ਦੇ ਐਲਾਨ ਅਨੁਸਾਰ 48 ਹਜ਼ਾਰ ਰੁਪਏ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਹਲਕਾ ਸਾਹਨੇਵਾਲ ਨਾਲ ਸਬੰਧਿਤ ਮਹਿਲਾ ਕਾਂਗਰਸ ਵੱਲੋਂ ਅੱਜ ਪੰਜਾਬ ਦੀਆਂ ਮਹਿਲਾਵਾਂ ਲਈ ਭਗਵੰਤ ਮਾਨ ਸਰਕਾਰ ਤੋਂ 48 ਰੁਪਏ ਦੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੀ ਰਿਹਾਇਸ਼ ਦਾ ਘਿਰਾਓ ਕਰਕੇ ਹੱਲਾ ਬੋਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਮਹਿਲਾ ਕਾਂਗਰਸ ਦੇ ਆਗੂ ਸਨੀਤਾ ਤਨਜਾਨੀਆ, ਮੈਂਬਰ ਪੰਚਾਇਤ ਮਨਜਿੰਦਰ ਕੌਰ ਗਰੇਵਾਲ , ਕਰਮਜੀਤ ਕੌਰ, ਹਰਜੀਤ ਕੌਰ ਗਰਚਾ, ਕਿਰਨਦੀਪ ਕੌਰ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੀਆਂ ਮਹਿਲਾਵਾਂ ਦੇ ਨਾਲ ਧੋਖਾ ਕੀਤਾ ਹੈ, ਕਿਉਂਕਿ ਇਹਨਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਹਰ ਮਹਿਲਾ ਦੇ ਖਾਤੇ ਵਿੱਚ ਹਰ ਮਹੀਨੇ 1000 ਪਾਉਣ ਦਾ ਵਾਅਦਾ ਕੀਤਾ ਸੀ।
ਉਸੇ ਤਹਿਤ ਅੱਜ ਪੰਜਾਬ ਦੀ ਹਰ ਮਹਿਲਾ ਦਾ ਸੂਬਾ ਸਰਕਾਰ ਖਿਲਾਫ 48 ਬਣਦਾ ਹੈ। ਇਸ ਲਈ ਉਹ ਅੱਜ ਕੈਬਨਿਟ ਮੰਤਰੀ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਦੀ ਹਰ ਮਹਿਲਾ ਦੇ ਲਈ 48 ਹਜਾਰ ਰੁਪਏ ਦੀ ਮੰਗ ਕਰਨ ਆਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਪੰਜਾਬ ਦੀ ਹਰ ਮਹਿਲਾ ਦਾ ਬਣਦਾ 48000 ਨਹੀਂ ਦੇ ਦਿੰਦੀ, ਉਦੋਂ ਤੱਕ ਪੰਜਾਬ ਮਹਿਲਾ ਕਾਂਗਰਸ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਕਰਦੀ ਰਹੇਗੀ।
ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੇ ਬਹੁਤ ਆਸ ਤੇ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਕਿ ਇਹ ਸਰਕਾਰ ਆਉਣ ’ਤੇ ਉਹਨਾਂ ਨੂੰ 1000 ਮਹੀਨਾ ਮਿਲੇਗਾ। ਜਿਸ ਨਾਲ ਉਹਨਾਂ ਦੇ ਨਿੱਜੀ ਖਰਚੇ ਜਾਂ ਫਿਰ ਰਸੋਈ ਦਾ ਖਰਚਾ ਚੱਲੇਗਾ। ਪਰ ਜਿਸ ਤਰ੍ਹਾਂ ਸੂਬਾ ਸਰਕਾਰ ਨੇ ਪੰਜਾਬ ਦੀਆਂ ਮਹਿਲਾਵਾਂ ਨਾਲ ਧੋਖਾ ਕੀਤਾ ਹੈ। ਉਸ ਕਰਕੇ ਅੱਜ ਪੰਜਾਬ ਦੀ ਹਰ ਮਹਿਲਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ, ਪਰ ਕਾਂਗਰਸ ਪਾਰਟੀ ਪੰਜਾਬ ਦੀਆਂ ਮਹਿਲਾਵਾਂ ਦੀ ਹਰ ਲੜਾਈ ਲੜੇਗੀ।
ਇਸ ਮੌਕੇ ਉਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਬੋਪਾਰਾਏ, ਸੁਨੀਤਾ ਰਾਣੀ, ਗੁਰਮੀਤ ਕੌਰ, ਆਸ਼ਾ ਕੈਂਥ, ਕੁਲਜੀਤ ਕੌਰ ਮੰਜੂ ਅਤੇ ਵੱਡੀ ਗਿਣਤੀ ਵਿੱਚ ਮਹਿਲਾ ਆਗੂ ਹਾਜ਼ਰ ਸਨ।