ਨਾਜਾਇਜ਼ ਅਸਲਾ, ਕਾਰਤੂਸ ਤੇ ਹੈਰੋਇਨ ਸਣੇ ਹੋਰ ਮਾਮਲਿਆਂ ’ਚ 10 ਕਾਬੂ
ਮਾਛੀਵਾੜਾ ਪੁਲਿਸ ਵਲੋਂ ਨਾਜਾਇਜ ਅਸਲਾ, ਕਾਰਤੂਸ ਤੇ ਹੈਰੋਇਨ ਸਮੇਤ ਹੋਰ ਮਾਮਲਿਆਂ ’ਚ 10 ਕਾਬੂ
Publish Date: Wed, 21 Jan 2026 07:05 PM (IST)
Updated Date: Thu, 22 Jan 2026 04:10 AM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸੂਬੇ ਵਿਚ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਡਾਇਰੈਕਟਰ ਜਨਰਲ ਪੁਲਸ ਆਫ਼ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸਥਾਨਕ ਪੁਲਿਸ ਵਲੋਂ ਦੋ ਦਿਨਾਂ ਵਿਚ ਕਈ ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ, ਜਿਨ੍ਹਾਂ ਤੋਂ ਨਾਜਾਇਜ਼ ਅਸਲਾ, ਕਾਰਤੂਸ ਤੇ ਹੈਰੋਇਨ ਬਰਾਮਦ ਕਰ 9 ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਸਹਾਇਕ ਥਾਣੇਦਾਰ ਕਰਨੈਲ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਤਾਂ ਰਾਧਾ ਕ੍ਰਿਸ਼ਨ ਪਾਰਕ ਨੇੜ੍ਹੇ ਤਿੰਨ ਮੋਨੇ ਨੌਜਵਾਨ ਦਿਖਾਈ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਜਾਂਚ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਦੇਸੀ ਪਿਸਤੌਲ 315 ਬੋਰ, 4 ਜਿੰਦਾ ਕਾਰਤੂਸ ਬਰਾਮਦ ਹੋਏ। ਮੁਲਜ਼ਮਾਂ ਦੀ ਪਹਿਚਾਣ ਸੁਖਵੀਰ ਸਿੰਘ, ਮਨਦੀਪ ਸਿੰਘ ਵਾਸੀਆਨ ਲੁਹਾਰੀਆਂ ਤੇ ਪਰਦੀਪ ਕੁਮਾਰ ਵਾਸੀ ਟਾਂਡਾ ਵਜੋਂ ਹੋਈ। ਇਸੇ ਤਰ੍ਹਾਂ ਗੁਰਦੁਆਰਾ ਕਿਰਪਾਨ ਭੇਟ ਰੋਡ ’ਤੇ ਪੁਲਿਸ ਪਾਰਟੀ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਨੌਜਵਾਨ ਨੂੰ ਜਾਂਚ ਲਈ ਰੋਕਿਆ ਜਿਸਨੇ ਆਪਣਾ ਨਾਮ ਜੈ ਕਿਸ਼ੋਰ ਵਾਸੀ ਬਲੀਬੇਗ ਬਸਤੀ ਦੱਸਿਆ। ਤਲਾਸ਼ੀ ਦੌਰਾਨ ਉਸਦੀ ਜੇਬ ’ਚੋਂ 2 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਸ ਤੋਂ ਇਲਾਵਾ ਹਾਕਮ ਵਲੋਂ ਰਤੀਪੁਰ ਰੋਡ ’ਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ 2 ਨੌਜਵਾਨਾਂ ਨੂੰ ਜਾਂਚ ਲਈ ਰੋਕਿਆ ਜਿਨ੍ਹਾਂ ਦੀ ਪਹਿਚਾਣ ਜਗਮੇਲ ਤੇ ਲਾਲਾ ਕੁਮਾਰ ਵਾਸੀ ਮਾਛੀਵਾੜਾ ਵਜੋਂ ਹੋਈ। ਇਨ੍ਹਾਂ ਤੋਂ ਤਲਾਸ਼ੀ ਦੌਰਾਨ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਪੁਲਿਸ ਵਲੋਂ ਇੱਕ ਪੁਰਾਣੇ ਮਾਮਲੇ ਵਿਚ ਸੁਨੀਲ ਕੁਮਾਰ ਵਾਸੀ ਮਾਛੀਵਾੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਵਲੋਂ ਪੁਰਾਣੇ ਦਰਜ ਕੀਤੇ ਮਾਮਲਿਆਂ ’ਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਛੀਵਾੜਾ ਪੁਲਿਸ ਵਲੋਂ 21 ਜਨਵਰੀ ਨੂੰ ਵੀ ਤੜਕੇ ਫਿਰ ਛਾਪੇਮਾਰੀ ਕੀਤੀ ਗਈ ਅਤੇ ਕਈਆਂ ਨੂੰ ਸ਼ੱਕ ਦੇ ਅਧਾਰ ’ਤੇ ਹਿਰਾਸਤ ਵਿਚ ਲਿਆ ਗਿਆ। ਇਸ ਮੌਕੇ ਜਦੋਂ ਥਾਣਾ ਮੁਖੀ ਪਵਿੱਤਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਖੰਨਾ ਵਲੋਂ ਜਾਰੀ ਨਿਰਦੇਸ਼ਾਂ ’ਤੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਸਬੰਧੀ ਪੂਰੀ ਜਾਣਕਾਰੀ ਉੱਚ ਅਧਿਕਾਰੀ ਹੀ ਦੇਣਗੇ।