ਪੁਲਿਸ ਨੇ 6 ਘੰਟਿਆਂ ’ਚ ਸੁਲਝਾਈ ਦੋਹਰੇ ਕਤਲ ਦੀ ਗੁੱਥੀ, 3 ਮੁਲਜ਼ਮ ਗ੍ਰਿਫ਼ਤਾਰ
ਲੁਧਿਆਣਾ ਪੁਲਿਸ ਨੇ 6 ਘੰਟਿਆਂ ਵਿੱਚ ਦੋਹਰੇ ਕਤਲ ਦੀ ਗੁੱਥੀ ਸੁਲਝਾਈ, 3 ਮੁਲਜ਼ਮ ਕੀਤੇ ਗ੍ਰਿਫ਼ਤਾਰ
Publish Date: Fri, 06 Mar 2026 09:38 PM (IST)
Updated Date: Fri, 06 Mar 2026 09:42 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਡਬਲ ਮਰਡਰ ਦੇ ਮਾਮਲੇ ਨੂੰ ਸਿਰਫ਼ 6 ਘੰਟਿਆਂ ਦੇ ਅੰਦਰ ਸੁਲਝਾ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਥਾਣਾ ਮੁਖੀ ਵਰਿੰਦਰ ਪਾਲ ਸਿੰਘ ਉੱਪਲ ਦੀ ਅਗਵਾਈ ਵਿੱਚ ਪੁਲਿਸ ਨੇ ਇਸ ਮਾਮਲੇ ਦੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ। ਜਾਣਕਾਰੀ ਅਨੁਸਾਰ 5 ਮਾਰਚ ਨੂੰ ਵਾਲਮੀਕਿ ਮੁਹੱਲਾ ਪੁਰਾਣਾ ਬਾਜ਼ਾਰ ਸਾਹਨੇਵਾਲ ਦੇ ਰਹਿਣ ਵਾਲੇ ਭੁਪਿੰਦਰ ਸਹੋਤਾ ਉਰਫ ਰਿਤਿਕ ਅਤੇ ਬਲਵਿੰਦਰ ਕੌਰ ਦੀ ਗੱਡੀ ਹੇਠ ਦਰੜ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਸੀ। ਇਸ ਸਬੰਧੀ ਮ੍ਰਿਤਕ ਭੁਪਿੰਦਰ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਾਹਨੇਵਾਲ ਵਿੱਚ ਮਾਮਲਾ ਦਰਜ ਕਰ ਕੇ ਕੇਸ ਦੀ ਤੁਰੰਤ ਤਫਤੀਸ਼ ਸ਼ੁਰੂ ਕੀਤੀ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਪਿੰਡ ਚੱਕ ਸਰਾਏ ਦੇ ਰਹਿਣ ਵਾਲੇ ਜਸਵਿੰਦਰ ਸਿੰਘ, ਪੁਰਾਣਾ ਬਾਜ਼ਾਰ ਵਾਲਮੀਕਿ ਮੁਹੱਲਾ ਸਾਹਨੇਵਾਲ ਵਾਸੀ ਲਖਵਿੰਦਰ ਸਿੰਘ ਉਰਫ ਵਿਸ਼ਾਲ, ਪਿੰਡ ਚੱਕ ਸਰਾਏ ਵਾਸੀ ਹਰਿੰਦਰ ਸਿੰਘ ਉਰਫ ਗੋਲਡੀ ਅਤੇ ਸਾਹਨੇਵਾਲ ਦੇ ਗੁਰਦੁਆਰਾ ਸੋਢੀ ਸਾਹਿਬ ਰੋਡ ਵਾਸੀ ਜਸਪ੍ਰੀਤ ਸਿੰਘ ਉਰਫ ਜੱਸ ਸਮੇਤ 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ। ਥਾਣਾ ਮੁਖੀ ਵਰਿੰਦਰਪਾਲ ਸਿੰਘ ਉੱਪਲ ਦੀ ਅਗਵਾਈ ਵਿੱਚ ਬਣਾਈਆਂ ਗਈਆਂ ਖਾਸ ਟੀਮਾਂ ਨੇ ਤਫਤੀਸ਼ ਦੌਰਾਨ ਤੇਜ਼ੀ ਨਾਲ ਕਾਰਵਾਈ ਕਰਦਿਆਂ ਵਾਰਦਾਤ ਵਿੱਚ ਸ਼ਾਮਲ ਤਿੰਨ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਾਲਮੀਕਿ ਮੁਹੱਲਾ ਸਾਹਨੇਵਾਲ ਵਾਸੀ ਲਖਵਿੰਦਰ ਸਿੰਘ ਉਰਫ ਵਿਸ਼ਾਲ, ਹਰਵਿੰਦਰ ਸਿੰਘ ਉਰਫ ਗੋਲਡੀ ਅਤੇ ਜਸਪ੍ਰੀਤ ਸਿੰਘ ਉਰਫ ਜੱਸ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਵਰਿੰਦਰਪਾਲ ਸਿੰਘ ਉੱਪਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ਵਿੱਚ ਵਰਤੀ ਗਈ ਬਲੈਰੋ ਕਾਰ ਬਰਾਮਦ ਕਰ ਲਈ ਗਈ। ਪੁਲਿਸ ਅਧਿਕਾਰੀਆਂ ਮੁਤਾਬਿਕ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੱਤਿਆ ਦੇ ਅਸਲ ਕਾਰਨਾਂ ਬਾਰੇ ਪੂਰੀ ਜਾਣਕਾਰੀ ਸਾਹਮਣੇ ਆ ਸਕੇ। ਪੁਲਿਸ ਇਸ ਮਾਮਲੇ ਵਿੱਚ ਫ਼ਰਾਰ ਮੁਲਜ਼ਮਾਂ ਦੀ ਭਾਲ ਵਿੱਚ ਛਾਪਾਮਾਰੀ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।