- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਦੇ ਖਿਲਾਫ਼ ਲੁਧਿਆਣਾ ਪੁਲਿਸ ਦੀ ਕਾਰਵਾਈ

- ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੀਤਾ ਮਾਮਲਾ ਦਰਜ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿੱਚ ਦਬਿਸ਼ ਦੇ ਕੇ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕੁੱਲ 123 ਗ੍ਰਾਮ ਹੈਰੋਇਨ, 185 ਨਸ਼ੇ ਦੀਆਂ ਗੋਲੀਆਂ, 15 ਕਿਲੋ ਚੂਰਾ ਪੋਸਤ ਅਤੇ 500 ਗ੍ਰਾਮ ਗਾਂਜਾ ਬਰਾਮਦ ਕਰ ਕੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰ ਲਏ ਹਨ। ਜਾਣਕਾਰੀ ਮੁਤਾਬਿਕ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ 70 ਗ੍ਰਾਮ ਹੈਰੋਇਨ ਸਮੇਤ ਵਰਧਮਾਨ ਨਗਰ ਦੇ ਰਹਿਣ ਵਾਲੇ ਸਈਅਦ ਕਮਰ ਨੂੰ ਹਿਰਾਸਤ ਵਿੱਚ ਲਿਆ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਚਿਲਡਰਨ ਪਾਰਕ ਦੇ ਲਾਗੇ ਹੋ ਇਸਲਾਮ ਗੰਜ ਵਾਸੀ ਪਰਮਜੀਤ ਸਿੰਘ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ 50 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਜੁਨੇਜਾ ਕਾਲੋਨੀ ਦੇ ਰਹਿਣ ਵਾਲੇ ਮਨੀਸ਼ ਵਰਮਾ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਡਵੀਜ਼ਨ ਨੰਬਰ 3 ਦੀ ਹੀ ਪੁਲਿਸ ਨੇ ਤਿੰਨ ਗ੍ਰਾਮ ਹੈਰੋਇਨ ਸਮੇਤ ਢੋਲੇਵਾਲ ਦੇ ਰਹਿਣ ਵਾਲੇ ਥਾਪਾ ਨੂੰ ਕਾਬੂ ਕੀਤਾ। ਇੱਕ ਹੋਰ ਮਾਮਲੇ ਵਿੱਚ ਥਾਣਾ ਡੇਹਲੋ ਦੀ ਪੁਲਿਸ ਨੇ 40 ਨਸ਼ੇ ਦੀਆਂ ਗੋਲੀਆਂ ਸਮੇਤ ਅਮਨਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ।
ਥਾਣਾ ਡਾਬਾ ਦੀ ਪੁਲਿਸ ਨੇ ਤਿੰਨ ਗ੍ਰਾਮ ਹੈਰੋਇਨ ਸਮੇਤ ਹਰਕ੍ਰਿਸ਼ਨ ਨਗਰ ਵਾਸੀ ਅਜੇ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਨਸ਼ਾ ਕਰਨ ਦੇ ਮਾਮਲੇ ਵਿੱਚ ਮੁਹੱਲਾ ਗੋਬਿੰਦ ਨਗਰ ਦੇ ਵਾਸੀ ਰਾਜੇਸ਼ ਕੁਮਾਰ ਨੂੰ ਹਿਰਾਸਤ ਵਿੱਚ ਲਿਆ। ਇਸੇ ਤਰ੍ਹਾਂ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਪਿੰਡ ਥਰੀਕੇ ਦੇ ਰਹਿਣ ਵਾਲੇ ਅੰਕਿਤ ਵਰਮਾ ਨੂੰ ਕਾਬੂ ਕੀਤਾ। ਥਾਣਾ ਹੈਬੋਵਾਲ ਦੀ ਪੁਲਿਸ ਨੇ ਸਮਾਰਟ ਕਾਲੋਨੀ ਵਾਸੀ ਵਿਕਾਸ ਕੁਮਾਰ ਨੂੰ ਨਸ਼ਾ ਕਰਦੇ ਸਮੇਂ ਗ੍ਰਿਫ਼ਤਾਰ ਕੀਤਾ। ਇੱਕ ਹੋਰ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਜਵਾਹਰ ਨਗਰ ਕੈਂਪ ਦੇ ਰਹਿਣ ਵਾਲੇ ਨੀਰਜ ਕੁਮਾਰ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ, ਜਦੋਂ ਉਹ ਵਿਰਾਮ ਥਾਂ ’ਤੇ ਬੈਠ ਕੇ ਨਸ਼ਾ ਕਰ ਰਿਹਾ ਸੀ। ਦੋ ਗ੍ਰਾਮ ਹੈਰੋਇਨ ਸਮੇਤ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਬਰਨਾਲਾ ਦੇ ਰਹਿਣ ਵਾਲੇ ਹਿਮਾਂਸ਼ੂ ਨੂੰ ਕਾਬੂ ਕੀਤਾ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਇਸਲਾਮਗੰਜ ਦੇ ਵਾਸੀ ਆਸ਼ੂ ਨੂੰ ਤਿੰਨ ਗ੍ਰਾਮ ਹੈਰੋਇਨ ਸਮੇਤ ਹਿਰਾਸਤ ਵਿੱਚ ਲਿਆ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੀ ਪੁਲਿਸ ਨੇ 45 ਨਸ਼ੇ ਦੀਆਂ ਗੋਲੀਆਂ ਸਮੇਤ ਭਗਤ ਸਿੰਘ ਕਾਲੋਨੀ ਵਾਸੀ ਅਮਰਨਾਥ ਨੂੰ ਗ੍ਰਿਫ਼ਤਾਰ ਕੀਤਾ। ਇੱਕ ਹੋਰ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ 50 ਨਸ਼ੇ ਦੀਆਂ ਗੋਲੀਆਂ ਸਮੇਤ ਵਿਸ਼ਵਕਰਮਾ ਨਗਰ ਵਾਸੀ ਸੁਖਵਿੰਦਰ ਸਿੰਘ ਨੂੰ ਕਾਬੂ ਕੀਤਾ। ਭੁੱਕੀ ਦੀ ਸਪਲਾਈ ਕਰਨ ਦੇ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ 15 ਕਿਲੋ ਚੂਰਾ ਪੋਸਤ ਸਮੇਤ ਸ਼ਾਹਕੋਟ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ ਕਾਬੂ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ 25 ਗ੍ਰਾਮ ਹੈਰੋਇਨ ਸਮੇਤ ਫੀਲਡਗੈਨ ਵਾਸੀ ਚਰਨਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਸੰਜੇ ਗਾਂਧੀ ਕਾਲੋਨੀ ਦੀ ਰਹਿਣ ਵਾਲੀ ਰੇਖਾ ਨੂੰ 500 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ। ਥਾਣਾ ਟਿੱਬਾ ਦੀ ਪੁਲਿਸ ਨੇ ਚਾਰ ਗ੍ਰਾਮ ਹੈਰੋਇਨ ਸਮੇਤ ਅਨੰਦਪੁਰੀ ਨਗਰ ਦੇ ਰਹਿਣ ਵਾਲੇ ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਲਗਾਤਾਰ ਜਾਰੀ ਰਹੇਗੀ।