Ludhiana News : ਬੇਟ ਇਲਾਕੇ ’ਚ ‘ਚਿੱਟੇ’ ਨਾਲ ਨੌਜਵਾਨ ਦੀ ਮੌਤ, ਘਰੋਂ ਲੈ ਕੇ ਗਿਆ ਦੋਸਤ ਫੜਿਆ ਅਤੇ ਨਸ਼ਾ ਵੇਚਣ ਵਾਲੀ ਔਰਤ ਫਰਾਰ
ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਨੂੰ ਘਰੋਂ ਲੈ ਕੇ ਜਾਣ ਵਾਲੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਨਸ਼ਾ ਵੇਚਣ ਵਾਲੀ ਮਹਿਲਾ ਫਰਾਰ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ਵਿਚ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਜਾਪ ਰਿਹਾ ਹੈ। ਪੁਲਿਸ ਅਨੁਸਾਰ ਨੌਜਵਾਨ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਕਾਰਨ ਹੋਈ ਜਾਪਦੀ ਹੈ ਪਰ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਉਸ ਦੀ ਮੌਤ ‘ਚਿੱਟੇ’ ਨਾਲ ਹੋਈ ਦੱਸ ਰਹੇ ਹਨ।
Publish Date: Thu, 15 Jan 2026 07:39 PM (IST)
Updated Date: Thu, 15 Jan 2026 07:44 PM (IST)
ਜਗਰਾਓਂ/ਸਿੱਧਵਾਂ ਬੇਟ : ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ਦੇ ਨੌਜਵਾਨ ਦੀ ਨਸ਼ਿਆਂ ਦੇ ਗੜ੍ਹ ਵਜੋਂ ਮੰਨੇ ਜਾਂਦੇ ਪਿੰਡ ਖੋਲਿਆਂ ਵਾਲਾ ਪੁਲ਼ ਮਲਸੀਹਾਂ ਬਾਜਣ ਦੀ ਨਹਿਰ ਪੱਟੜੀ ਨੇੜੇ ਝਾੜੀਆਂ ਵਿਚੋਂ ਲਾਸ਼ ਮਿਲੀ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਦੀ ਮੌਤ ‘ਚਿੱਟੇ’ ਦੇ ਨਸ਼ੇ ਕਾਰਨ ਹੋਈ ਹੈ।
ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਨੂੰ ਘਰੋਂ ਲੈ ਕੇ ਜਾਣ ਵਾਲੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਨਸ਼ਾ ਵੇਚਣ ਵਾਲੀ ਮਹਿਲਾ ਫਰਾਰ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ਵਿਚ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਜਾਪ ਰਿਹਾ ਹੈ। ਪੁਲਿਸ ਅਨੁਸਾਰ ਨੌਜਵਾਨ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਕਾਰਨ ਹੋਈ ਜਾਪਦੀ ਹੈ ਪਰ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਉਸ ਦੀ ਮੌਤ ‘ਚਿੱਟੇ’ ਨਾਲ ਹੋਈ ਦੱਸ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸ਼ੇਰੇਵਾਲ ਵਾਸੀ 27 ਸਾਲਾਂ ਜਸਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਦੀ ਬੀਤੀ ਕੱਲ੍ਹ ਨਹਿਰ ਦੀ ਕੱਚੀ ਪੱਟੜੀ ਖੋਲਿਆਂ ਵਾਲਾ ਪੁਲ਼ ਮਲਸੀਹਾਂ ਬਾਜਣ ਕੋਲ ਝਾੜੀਆਂ ਵਿਚ ਲਾਸ਼ ਪਈ ਸੀ। ਜਿਸ ਦੀ ਸੂਚਨਾ ਮਿਲਣ ’ਤੇ ਮ੍ਰਿਤਕ ਦੇ ਚਾਚੇੇ ਦਾ ਪੁੱਤ ਪਰਮਜੀਤ ਸਿੰਘ ਉਰਫ ਪੰਮਾ ਸਾਥੀਆਂ ਨਾਲ ਉਸ ਦੀ ਮ੍ਰਿਤਕ ਦੇਹ ਨੂੰ ਜਗਰਾਓਂ ਸਿਵਲ ਹਸਪਤਾਲ ਲੈ ਕੇ ਪੁੱਜਾ। ਜਿੱਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਹੀ ਦਿੱਤਾ।
ਇਸ ਮਾਮਲੇ ਵਿਚ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਰਿੰਦਰ ਸਿੰਘ ਮੌਕੇ ’ਤੇ ਪਹੁੰਚੇ। ਇਸ ਦੌਰਾਨ ਘਟਨਾਸਥੱਲ ਤੋਂ ਪੁਲਿਸ ਨੂੰ ਨਸ਼ਾ ਜਾਂ ਕੋਈ ਸਰਿੰਜ ਵਗੈਰਾ ਨਹੀਂ ਬਰਾਮਦ ਹੋਈ। ਜਿਸ ਤੇ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪਰ ਪਰਿਵਾਰ ਮੁਤਾਬਿਕ ਜਸਵੀਰ ਨੂੰ ਪਿੰਡ ਦਾ ਹੀ ਰਹਿਣ ਵਾਲਾ ਉਸ ਦਾ ਦੋਸਤ ਹਰਪ੍ਰੀਤ ਸਿੰਘ ਉਰਫ ਮੰਨੀ ਘਰੋਂ ਲੈ ਕੇ ਗਿਆ ਸੀ।
ਇਨ੍ਹਾਂ ਦੋਵਾਂ ਨੇ ਖੋਲਿਆਂ ਵਾਲਾ ਪੁਲ਼ ਮਲਸੀਹਾਂ ਬਾਜਣ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਉਰਫ ਗੋਗਾ ਬਾਈ ਤੋਂ ‘ਚਿੱਟਾ’ ਖ਼ਰੀਦਿਆ ਸੀ। ਜਿਸ ਤੋਂ ਬਾਅਦ ਜਸਵੀਰ ਦੀ ਮੌਤ ਹੋਈ। ਚੌਂਕੀ ਇੰਚਾਰਜ ਰਾਜਵਰਿੰਦਰ ਸਿੰਘ ਨੇ ਕਿਹਾ ਕਿ ਜਸਵੀਰ ਦੀ ਮੌਤ ‘ਚਿੱਟੇ’ ਨਾਲ ਹੋਈ ਹੈ ਦਾ ਕੋਈ ਅਜੇ ਸਬੂਤ ਸਾਹਮਣੇ ਨਹੀਂ ਆਇਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।