ਹਿਰ ਦੇ ਟਿੱਬਾ ਇਲਾਕੇ ’ਚ ਆਪਣੇ ਮਕਾਨ ਮਾਲਕ ਵੱਲੋਂ ਕੀਤੀ ਜਾ ਰਹੀ ਬਲੈਕਮੇਲਿੰਗ ਤੋਂ ਤੰਗ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਪੀੜਤਾ ਨੇ ਆਪਣੀ ਦਰਦ ਕਹਾਣੀ ਮੋਬਾਇਲ ’ਤੇ ਰਿਕਾਰਡ ਕੀਤੀ, ਜਿਸ ’ਚ ਉਸ ਨੇ ਆਪਣੇ ਮਕਾਨ ਮਾਲਿਕ ’ਤੇ ਬਲੈਕਮੇਲ ਕਰਨ ਦੇ ਸੰਗੀਨ ਦੋਸ਼ ਲਗਾਏ।

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਦੇ ਟਿੱਬਾ ਇਲਾਕੇ ’ਚ ਆਪਣੇ ਮਕਾਨ ਮਾਲਕ ਵੱਲੋਂ ਕੀਤੀ ਜਾ ਰਹੀ ਬਲੈਕਮੇਲਿੰਗ ਤੋਂ ਤੰਗ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਪੀੜਤਾ ਨੇ ਆਪਣੀ ਦਰਦ ਕਹਾਣੀ ਮੋਬਾਇਲ ’ਤੇ ਰਿਕਾਰਡ ਕੀਤੀ, ਜਿਸ ’ਚ ਉਸ ਨੇ ਆਪਣੇ ਮਕਾਨ ਮਾਲਿਕ ’ਤੇ ਬਲੈਕਮੇਲ ਕਰਨ ਦੇ ਸੰਗੀਨ ਦੋਸ਼ ਲਗਾਏ। ਇਹ ਘਟਨਾ ਨੌਂ ਫਰਵਰੀ ਦੀ ਹੈ। ਪੁਲਿਸ ਨੇ ਮਾਮਲੇ ’ਚ ਮੁਲਜ਼ਮ ਮਕਾਨ ਮਾਲਕ ਤੇ ਉਸ ਦੀ ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਸੁਰਜੀਤ ਕਾਲੋਨੀ, ਪਿੰਡ ਜਗੀਰਪੁਰ ਵਾਸੀ ਸਤਨਾਮ ਉਰਫ਼ ਟਿੰਕਾ ਤੇ ਉਸ ਦੀ ਮਾਂ ਪੁਸ਼ਪਾ ਵਜੋਂ ਹੋਈ ਹੈ। ਦੋਵੇਂ ਫ਼ਰਾਰ ਹਨ।
ਮ੍ਰਿਤਕ ਦੇ ਪਿਤਾ ਪਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਰੋਜ਼ੀ (32) ਦਾ ਪਤੀ ਕਰੀਬ ਚਾਰ-ਪੰਜ ਮਹੀਨਿਆਂ ਤੋਂ ਵਿਦੇਸ਼ ’ਚ ਹੈ। ਉਹ ਜਗੀਰਪੁਰ ਦੀ ਸੁਰਜੀਤ ਕਾਲੋਨੀ ’ਚ ਕਿਰਾਏ ਦੇ ਮਕਾਨ ’ਚ ਆਪਣੀ ਬੇਟੀ ਤੇ ਬੇਟੇ ਨਾਲ ਰਹਿ ਰਹੀ ਸੀ। ਨੌਂ ਫਰਵਰੀ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੋਜ਼ੀ ਨੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਰੋਜ਼ੀ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇਕ ਵੀਡੀਓ ਬਣਾਈ, ਜਿਸ ’ਚ ਉਸ ਨੇ ਆਪਣੇ ਮਕਾਨ ਮਾਲਕ ਸਤਿਨਾਮ ਉਰਫ਼ ਟਿੰਕਾ ’ਤੇ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ ਲਗਾਏ। ਤਿੰਨ ਮਿੰਟ 13 ਸਕਿੰਟਾਂ ਦੀ ਇਸ ਵੀਡੀਓ ’ਚ ਰੋਜ਼ੀ ਨੇ ਦੱਸਿਆ ਕਿ ਮਕਾਨ ਮਾਲਕ ਸਤਿਨਾਮ ਉਰਫ ਟਿੰਕਾ ਨੇ ਉਸ ਦੀ ਨਹਾਉਂਦੀ ਦੀ ਵੀਡੀਓ ਬਣਾ ਲਈ ਸੀ। ਇਹ ਵੀਡੀਓ ਇੰਟਰਨੈੱਟ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ 50 ਹਜ਼ਾਰ ਰੁਪਏ ਮੰਗ ਰਿਹਾ ਹੈ। ਉਹ ਪਹਿਲਾਂ ਦੋ ਵਾਰ ਪੈਸੇ ਦੇ ਚੁੱਕੀ ਸੀ।
ਪੀੜਤਾ ਮੁਤਾਬਕ ਉਹ ਉਸ ’ਤੇ ਹਮ ਬਿਸਤਰੀ ਲਈ ਵੀ ਦਬਾਅ ਬਣਾ ਰਿਹਾ ਸੀ। ਰੋਜ਼ੀ ਮੁਤਾਬਿਕ ਉਸ ਨੇ ਮੁਲਜ਼ਮ ਦੀ ਮਾਂ ਨੂੰ ਵੀ ਇਸ ਬਾਰੇ ਦੱਸਿਆ ਸੀ, ਪਰ ਹਾਲਾਤ ਸੁਧਰਨ ਦੀ ਬਜਾਏ ਮਕਾਨ ਮਾਲਕ ਉਸ ’ਤੇ ਹੋਰ ਦਬਾਅ ਬਣਾਉਣ ਲੱਗ ਗਿਆ। ਪਰ ਉਹ ਆਪਣੀ ਇੱਜ਼ਤ ਦਾ ਸੌਦਾ ਨਹੀਂ ਕਰ ਸਕਦੀ ਤੇ ਉਸ ਕੋਲ ਜਾਨ ਦੇਣ ਤੋਂ ਇਲਾਵਾ ਹੋਰ ਕੋਈ ਰਸਤਾ ਬਾਕੀ ਨਹੀਂ ਬਚਿਆ। ਉਹ ਕਾਫੀ ਸਮੇਂ ਤੋਂ ਇਹ ਤਸ਼ੱਦਦ ਬਰਦਾਸ਼ਤ ਕਰਦੀ ਆ ਰਹੀ ਹਾਂ, ਪਰ ਹੁਣ ਬਰਦਾਸ਼ਤ ਕਰਨਾ ਵੱਸੋਂ ਬਾਹਰ ਹੋ ਚੁੱਕਾ ਹੈ ਇਸ ਲਈ ਆਪਣੇ ਆਪ ਨੂੰ ਖ਼ਤਮ ਕਰ ਰਹੀ ਹੈ।ਰੋਜ਼ੀ ਨੇ ਵੀਡੀਓ ’ਚ ਕਿਹਾ ਕਿ ਮਕਾਨ ਮਾਲਕ ਨੂੰ ਮਾਫ ਨਾ ਕੀਤਾ ਜਾਵੇ।
ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਬਲਜੀਤ ਸਿੰਘ ਮੁਤਾਬਕ ਜਾਂਚ ਦੌਰਾਨ ਮ੍ਰਿਤਕਾ ਦੇ ਮੋਬਾਈਲ ਫੋਨ ਤੋਂ ਕੁਝ ਵੀਡੀਓ ਮਿਲੀਆਂ ਹਨ। ਇਨ੍ਹਾਂ ’ਚ ਮਹਿਲਾ ਨੇ ਆਪਣੀ ਮੌਤ ਲਈ ਮਕਾਨ ਮਾਲਕ ਤੇ ਉਸ ਦੀ ਮਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਪੁਲਿਸ ਨੇ ਮੋਬਾਈਲ ਫੋਨ ਕਬਜ਼ੇ ’ਚ ਲੈ ਕੇ ਫੋਰੌਂਸਿਕ ਜਾਂਚ ਲਈ ਭੇਜ ਦਿੱਤੀ ਹੈ। ਥਾਣਾ ਟਿੱਬਾ ’ਚ ਮਕਾਨ ਮਾਲਕ ਤੇ ਉਸ ਦੀ ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮ ਮਕਾਨ ਨੂੰ ਤਾਲਾ ਮਾਰ ਕੇ ਫ਼ਰਾਰ ਹੋ ਚੁੱਕੇ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।