Ludhiana News: ਪੀਏਯੂ ਲੁਧਿਆਣਾ 'ਚ 21 ਤੇ 22 ਮਾਰਚ ਨੂੰ ਲੱਗੇਗਾ ਦੋ ਰੋਜ਼ਾ ਕਿਸਾਨ ਮੇਲਾ, ਮਾਰਚ ਦੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਮਾਰਚ-2025 ’ਚ ਸਾਉਣੀ ਦੀਆਂ ਫਸਲਾਂ ਲਈ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ।
Publish Date: Mon, 03 Feb 2025 09:21 PM (IST)
Updated Date: Mon, 03 Feb 2025 09:24 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਮਾਰਚ-2025 ’ਚ ਸਾਉਣੀ ਦੀਆਂ ਫਸਲਾਂ ਲਈ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਸਾਂਝੀ ਕੀਤੀ ਵਿਉਂਤਬੰਦੀ ਅਨੁਸਾਰ ਮੇਲਿਆਂ ਦੀ ਸ਼ੁਰੂਆਤ 5 ਮਾਰਚ ਨੂੰ ਨਾਗਕਲਾਂ ਜਹਾਂਗੀਰ ਅੰਮ੍ਰਿਤਸਰ ਵਿਖੇ ਪਹਿਲੇ ਕਿਸਾਨ ਮੇਲੇ ਨਾਲ ਹੋਵੇਗੀ । ਇਸ ਤੋਂ ਬਾਅਦ 7 ਮਾਰਚ ਨੂੰ ਬੱਲੋਵਾਲ ਸੌਂਖੜੀ, 11 ਮਾਰਚ ਨੂੰ ਫਰੀਦਕੋਟ ਅਤੇ 13 ਮਾਰਚ ਨੂੰ ਗੁਰਦਾਸਪੁਰ, 18 ਮਾਰਚ ਨੂੰ ਬਠਿੰਡਾ ਅਤੇ ਰੌਣੀ (ਪਟਿਆਲਾ) ਵਿਖੇ 25 ਮਾਰਚ ਨੂੰ ਕਿਸਾਨ ਮੇਲੇ ਕਰਵਾਏ ਜਾਣਗੇ।
ਪੀਏਯੂ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ 21 ਅਤੇ 22 ਮਾਰਚ ਨੂੰ ਲੱਗੇਗਾ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਕਿਸਾਨ ਮੇਲਿਆਂ ਦਾ ਉਦੇਸ਼ ‘ਨਵੀਆਂ ਖੇਤੀ ਤਕਨੀਕਾਂ ਅਪਣਾਓ, ਖਰਚ ਘਟਾਓ, ਝਾੜ ਵਧਾਓ’ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਕਿਸਾਨਾਂ ਨੂੰ ਟਿਕਾਊ ਖੇਤੀਬਾੜੀ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਅਤੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਖੇਤੀਬਾੜੀ ਦੀ ਸਥਿਰਤਾ ਨੂੰ ਉਤਸਾਹਿਤ ਕਰਨਗੇ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਕਿਸਾਨ ਮੇਲਿਆਂ ਦੇ ਸਫਲ ਅਤੇ ਸੁਚਾਰੂ ਪ੍ਰਬੰਧ ਲਈ ਪੀਏਯੂ ਵਿਖੇ ਤਿਆਰੀਆਂ ਚੱਲ ਰਹੀਆਂ ਹਨ। ਕਿਸਾਨ ਪੀਏਯੂ ਦੀ ਪ੍ਰੇਰਕ ਸ਼ਕਤੀ ਹਨ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਅਤੇ ਊਰਜਾ ਨਾਲ ਭਰੀ ਹਿੱਸੇਦਾਰੀ ਪੀਏਯੂ ਨੂੰ ਆਪਣੇ ਪੈਰਾਂ ’ਤੇ ਖੜ੍ਹੀ ਰਹਿਣ ਅਤੇ ਕਿਸਾਨ ਭਾਈਚਾਰੇ ਦੀਆਂ ਲਗਾਤਾਰ ਬਦਲਦੀਆਂ ਅਤੇ ਲਗਾਤਾਰ ਵਧਦੀਆਂ ਲੋੜਾਂ ਨਾਲ ਤਾਲਮੇਲ ਰੱਖਣ ਲਈ ਪ੍ਰੇਰਿਤ ਕਰਦੀ ਹੈ।