Ludhiana News : ਲੁਧਿਆਣਾ ਬੱਸ ਸਟੈਂਡ ਬਣਿਆ ਨਸ਼ੇ ਤੇ ਦੇਹ ਵਪਾਰ ਦਾ ਅੱਡਾ, ਵਾਇਰਲ ਵੀਡੀਓ ਨੇ ਖੋਲ੍ਹੀ ਪੋਲ
ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਸਾਬਕਾ ਕੈਬਿਨਟ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਇਹ ਵੀਡੀਓਜ਼ ਸਾਂਝੀਆਂ ਕਰਦਿਆਂ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ।
Publish Date: Mon, 13 Apr 2026 09:23 PM (IST)
Updated Date: Mon, 13 Apr 2026 09:30 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਬੱਸ ਸਟੈਂਡ ਇਲਾਕਾ ਨਸ਼ੇੜੀਆਂ ਅਤੇ ਦੇਹ ਵਪਾਰ ਨਾਲ ਜੁੜੇ ਤੱਤਾਂ ਲਈ ਸੁਰੱਖਿਅਤ ਠਿਕਾਣਾ ਬਣਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਹਾਲ ਹੀ ’ਚ ਵਾਇਰਲ ਹੋਈਆਂ ਦੋ ਵੀਡੀਓਜ਼ ਨੇ ਮਾਮਲੇ ਨੇ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਜਾਣਕਾਰੀ ਮੁਤਾਬਕ, ਇਹ ਵੀਡੀਓਜ਼ ਦੋ ਤੋਂ ਚਾਰ ਦਿਨ ਪੁਰਾਣੀਆਂ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਇੱਕ ਨੌਜਵਾਨ ਅਤੇ ਮੁਟਿਆਰ ਹੋਟਲ ਦੇ ਬਾਹਰ ਸੜਕ ਦੇ ਵਿਚਕਾਰ ਹੀ ਨਸ਼ੇ ਵਿੱਚ ਇਸ ਕਦਰ ਮਦਹੋਸ਼ ਦਿਖਾਈ ਦੇ ਰਹੇ ਹਨ ਕਿ ਉਨ੍ਹਾਂ ਨੂੰ ਆਪਣੀ ਕੋਈ ਹੋਸ਼ ਨਹੀਂ।
ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਸਾਬਕਾ ਕੈਬਿਨਟ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਇਹ ਵੀਡੀਓਜ਼ ਸਾਂਝੀਆਂ ਕਰਦਿਆਂ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ। ਮਜੀਠੀਆ ਨੇ ਸਰਕਾਰ ਦੀ ‘ਯੁੱਧ ਨਸ਼ਾ ਵਿਰੁੱਧ’ ਮੁਹਿੰਮ ਨੂੰ ਸਿਰਫ ਕਾਗਜ਼ੀ ਦਾਅਵਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਸੜਕਾਂ ’ਤੇ ‘ਚਿੱਟਾ’ ਖੁੱਲ੍ਹੇਆਮ ਵਿਕ ਰਿਹਾ ਹੈ ਅਤੇ ਨੌਜਵਾਨ ਮੌਤ ਵੱਲ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 90,000 ਗ੍ਰਿਫਤਾਰੀਆਂ ਦੇ ਅੰਕੜੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਹਨ।
ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ ਕਿ ਇਹ ਨਸ਼ੇ ਖਿਲਾਫ ਜੰਗ ਨਹੀਂ, ਸਗੋਂ ਨਸ਼ੇ ਅੱਗੇ ਆਤਮ ਸਮਰਪਣ ਹੈ। ਉਨ੍ਹਾਂ ਦੇ ਮੁਤਾਬਕ ਸਰਕਾਰ ਨਸ਼ਾ ਖਤਮ ਕਰਨ ਦੀ ਬਜਾਏ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵੱਲ ਵੱਧ ਰਹੀ ਹੈ। ਪ੍ਰਸ਼ਾਸਨ ਦੀ ਨੱਕ ਹੇਠਾਂ ਚੱਲ ਰਹੇ ਇਸ ਗੈਰ ਕਾਨੂੰਨੀ ਧੰਦੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਲੁਧਿਆਣਾ ਦੇ ਦਿਲ ਵਿੱਚ ਨਸ਼ੇ ਦਾ ਜ਼ਹਿਰ ਕਿੰਨਾ ਡੂੰਘਾ ਜਾ ਚੁੱਕਾ ਹੈ।