Ludhiana News : ਫਾਇਨੈਂਸਰ ਦੇ ਦਫਤਰ ਸ਼ੱਕੀ ਹਾਲਾਤ 'ਚ ਚੱਲੀ ਗੋਲ਼ੀ, ਬੀਏ ਦੇ ਵਿਦਿਆਰਥੀ ਦੀ ਮੌਤ
ਹੈਬੋਵਾਲ ਕਲਾਂ ਸਥਿਤ ਲਕਸ਼ਮੀ ਨਗਰ ਸਿਵਲ ਸਿਟੀ ਇਲਾਕੇ ਦੇ ਕਿੰਗ ਪਾਰਕ ਦੇ ਨਜ਼ਦੀਕ ਫਾਇਨੈਂਸਰ ਦੇ ਦਫਤਰ ’ਚ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਨੌਜਵਾਨ ਪੰਕਜ ਸਥਾਨਕ ਆਰੀਆ ਕਾਲਜ ’ਚ ਬੀਏ ਦੀ ਪੜ੍ਹਾਈ ਕਰ ਰਿਹਾ ਸੀ।
Publish Date: Wed, 25 Feb 2026 09:41 PM (IST)
Updated Date: Wed, 25 Feb 2026 09:46 PM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਹੈਬੋਵਾਲ ਕਲਾਂ ਸਥਿਤ ਲਕਸ਼ਮੀ ਨਗਰ ਸਿਵਲ ਸਿਟੀ ਇਲਾਕੇ ਦੇ ਕਿੰਗ ਪਾਰਕ ਦੇ ਨਜ਼ਦੀਕ ਫਾਇਨੈਂਸਰ ਦੇ ਦਫਤਰ ’ਚ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਨੌਜਵਾਨ ਪੰਕਜ ਸਥਾਨਕ ਆਰੀਆ ਕਾਲਜ ’ਚ ਬੀਏ ਦੀ ਪੜ੍ਹਾਈ ਕਰ ਰਿਹਾ ਸੀ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਅਧੀਨ ਚੌਂਕੀ ਜਗਤਪੁਰੀ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਰਖਵਾਉਣ ਮਗਰੋਂ ਵਾਰਦਾਤ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੰਕਜ ਦੇ ਪਿਤਾ ਮਨੋਜ ਕੁਮਾਰ ਮੁਤਾਬਕ ਦੁਪਹਿਰ ਕਰੀਬ ਪੌਣੇ ਤਿੰਨ ਵਜੇ ਉਸ ਦਾ ਇਕਲੌਤਾ ਪੁੱਤਰ ਘਰੋਂ ਦੁਪਹਿਰ ਦਾ ਖਾਣਾ ਖਾ ਕੇ ਦੋਸਤਾਂ ਨੂੰ ਮਿਲਣ ਗਿਆ ਸੀ। ਕਰੀਬ ਪੰਜ ਘੰਟੇ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ ਕੀ ਪੰਕਜ ਦਾ ਐਕਸੀਡੈਂਟ ਹੋਇਆ ਹੈ। ਸਥਾਨਕ ਜੱਸੀਆਂ ਰੋਡ ਸਕੂਟਰ ਮਕੈਨਿਕ ਦੀ ਦੁਕਾਨ ਚਲਾਉਣ ਵਾਲੇ ਮਨੋਜ ਕੁਮਾਰ ਮੁਤਾਬਕ ਉਸ ਦੇ ਇਕਲੌਤੇ ਪੁੱਤਰ ਦਾ ਐਕਸੀਡੈਂਟ ਹੋਣ ਦੀ ਖ਼ਬਰ ਮਿਲੀ ਸੀ। ਸਿਵਲ ਸਿਟੀ ਇਲਾਕੇ ’ਚ ਜਦ ਉਨ੍ਹਾਂ ਪੰਕਜ ਨੂੰ ਬੇਹੋਸ਼ੀ ਦੀ ਹਾਲਤ ’ਚ ਵੇਖਿਆ ਤਾਂ ਉਹ ਤੁਰੰਤ ਪੰਕਜ ਨੂੰ ਇਲਾਜ ਲਈ ਹਸਪਤਾਲ ਲੈ ਗਏ।
ਮਨੋਜ ਕੁਮਾਰ ਮੁਤਾਬਕ ਵੇਖਣ ’ਤੇ ਪਤਾ ਲੱਗਾ ਕਿ ਲੜਕੇ ਨੂੰ ਗੋਲੀ ਲੱਗੀ ਹੈ। ਹਸਪਤਾਲ ਪੁੱਜਣ ਦੇ ਕੁਝ ਸਮਾਂ ਬਾਅਦ ਹੀ ਡਾਕਟਰਾਂ ਨੇ ਪੰਕਜ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਚੌਂਕੀ ਜਗਤਪੁਰੀ ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਰਖਵਾ ਦਿੱਤੀ ਗਈ ਹੈ। ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਸਬੰਧੀ ਮੁਕੰਮਲ ਜਾਣਕਾਰੀ ਮਿਲ ਸਕੇਗੀ।
ਪਰਿਵਾਰ ਨੇ ਲਾਏ ਦੋਸਤ ’ਤੇ ਉੱਪਰ ਕਤਲ ਦੇ ਦੋਸ਼
ਨੌਜਵਾਨ ਪੰਕਜ ਦੇ ਗੋਲੀ ਲੱਗਣ ਕਰਨ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਨੇ ਪੰਕਜ ਦੇ ਹੀ ਇੱਕ ਦੋਸਤ ਉੱਪਰ ਕਤਲ ਕਰਨ ਦੇ ਦੋਸ਼ ਲਗਾ ਕੇ ਇਨਸਾਫ ਦੀ ਮੰਗ ਕੀਤੀ ਹੈ। ਪਰਿਵਾਰਕ ਸੂਤਰਾਂ ਮੁਤਾਬਕ ਪੰਕਜ ਨੂੰ ਬੁਲਾਉਣ ਕੋਈ ਲੜਕਾ ਉਨ੍ਹਾਂ ਦੇ ਘਰ ਆਇਆ ਸੀ ਅਤੇ ਪੰਕਜ ਵੀ ਆਪਣੀ ਮਾਂ ਨੂੰ ਕਿਸੇ ਦੋਸਤ ਨੂੰ ਮਿਲਣ ਜਾਣ ਦਾ ਕਹਿ ਕੇ ਘਰੋਂ ਗਿਆ ਸੀ।