ਸਮੇਂ ਸਿਰ ਇਲਾਜ ਤੇ ਪ੍ਰਹੇਜ਼ ਨਾਲ ਜਲਦ ਠੀਕ ਹੁੰਦੈ ਟੀਬੀ ਦਾ ਮਰੀਜ਼ : ਡਾ. ਰਮਨਦੀਪ ਕੌਰ
ਇਲਾਜ ਕਰਵਾਉਣ ਅਤੇ ਪ੍ਰਹੇਜ ਰੱਖਣ ਨਾਲ ਟੀਬੀ ਦਾ ਮਰੀਜ ਹੁੰਦਾ ਛੇਤੀ ਠੀਕ -ਡਾ.ਰਮਨਦੀਪ ਕੌਰ
Publish Date: Mon, 09 Mar 2026 07:19 PM (IST)
Updated Date: Tue, 10 Mar 2026 04:09 AM (IST)

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ : ਟੀਬੀ ਦੀ ਬਿਮਾਰੀ ਦੇ ਖ਼ਾਤਮੇ ਲਈ ਸਿਹਤ ਵਿਭਾਗ ਵੱਲੋਂ ਸਮਾਜ ਦੇ ਹਰ ਵਰਗ ਦੇ ਲੋਕਾਂ ਤੋਂ ਇਲਾਵਾ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਜਾਗਰੂਕਤਾ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਰਮਨਦੀਪ ਕੌਰ ਨੇ ਦੱਸਿਆ ਕਿ ਟੀਬੀ ਇੱਕ ਗੰਭੀਰ ਬਿਮਾਰੀ ਹੈ ਜੋ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ ਪਰ ਕਈ ਮਰੀਜ਼ ਟੀਬੀ ਹੋਣ ਤੇ ਉਸਦਾ ਇਲਾਜ ਕਰਾਉਣ ਦੀ ਥਾਂ ਵਹਿਮਾਂ ਭਰਮਾਂ ਵਿੱਚ ਪੈ ਕੇ ਧਾਗੇ ਤਵੀਤ ਅਤੇ ਝਾੜ ਫੂਕ ਨੂੰ ਜ਼ਿਆਦਾ ਤਰਜ਼ੀਹ ਦਿੰਦੇ ਹਨ ਜਿਸ ਨਾਲ ਪੀੜਿਤ ਮਰੀਜ਼ ਦੀ ਬਿਮਾਰੀ ਹੋਰ ਗੰਭੀਰ ਹੋ ਸਕਦੀ ਹੈ। ਇਸ ਨਾਲ ਉਸਦੇ ਪਰਿਵਾਰ ਵਿੱਚ ਵੀ ਇਨਫੈਕਸ਼ਨ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਉਨ੍ਹਾਂ ਟੀਬੀ ਦੇ ਮਰੀਜ਼ਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਟੀਬੀ ਦੀ ਬਿਮਾਰੀ ਦਾ ਸਹੀ ਸਮੇ ਤੇ ਇਲਾਜ਼ ਕਰਾਉਣ ਦੇ ਨਾਲ ਨਾਲ ਪ੍ਰਹੇਜ ਰੱਖਣ ਤੇ ਮਰੀਜ ਛੇਤੀ ਠੀਕ ਹੋ ਜਾਂਦਾ ਹੈ। ਉਨਾਂ ਅੱਗੇ ਦੱਸਿਆ ਕਿ ਟੀਵੀ ਦੀ ਬਿਮਾਰੀ ਦਾ ਸ਼ੱਕ ਪੈਣ ਤੇ ਮਰੀਜ ਸਮੇ ਸਿਰ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਜਾਂਚ ਕਰਵਾਉਣ ਜ਼ੇਕਰ ਜਾਂਚ ਦੌਰਾਨ ਟੀਬੀ ਦਾ ਮਰੀਜ਼ ਪਾਇਆ ਜਾਂਦਾ ਹੈ ਤਾਂ ਉਸ ਦਾ ਇਲਾਜ ਵੀ ਸਰਕਾਰੀ ਸਿਹਤ ਕੇਂਦਰਾਂ ਤੇ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ । ਜ਼ਿਲ੍ਹਾ ਟੀਬੀ ਅਫ਼ਸਰ ਡਾ.ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਟੀਬੀ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਇਹ ਬਿਮਾਰੀ ਹੱਡੀਆਂ, ਦਿਮਾਗ, ਗ੍ਰੰਥੀਆਂ ਅਤੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਫੇਫੜਿਆਂ ਦੀ ਟੀਬੀ ਹਵਾ ਰਾਹੀਂ ਫੈਲਦੀ ਹੈ, ਜਦੋਂ ਕੋਈ ਪੀੜਤ ਵਿਅਕਤੀ ਖੰਘਦਾ,ਛਿੱਕਦਾ ਜਾਂ ਬਿਨਾਂ ਮੂੰਹ ਢੱਕੇ ਗੱਲ ਕਰਦਾ ਹੈ ਤਾਂ ਟੀਬੀ ਦੇ ਕੀਟਾਣੂ ਹਵਾ ਵਿੱਚ ਛੱਡ ਦਿੰਦਾ ਹੈ ਜਿਸ ਨਾਲ ਟੀਬੀ ਅੱਗੇ ਫੈਲ ਸਕਦੀ ਹੈ। ਇਸ ਲਈ ਮਰੀਜ਼ ਨੂੰ ਭੀੜ ਵਾਲੀਆਂ ਥਾਵਾਂ ‘ਤੇ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਟੀਬੀ ਦੇ ਮਰੀਜ ਦਾ ਉਸ ਦੇ ਘਰ ਦੇ ਨੇੜੇ ਹੀ ਮੁਫਤ ਇਲਾਜ ਦਿੱਤਾ ਜਾਂਦਾ ਹੈ। ਡਾਕਟਰ ਚਾਵਲਾ ਨੇ ਟੀਬੀ ਦੇ ਲੱਛਣਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਬੀ ਦੇ ਮੁੱਖ ਲੱਛਣਾਂ ਵਿੱਚ ਦੋ ਹਫ਼ਤਿਆਂ ਤੋਂ ਵੱਧ ਖੰਘ ਦਾ ਰਹਿਣਾ, ਬਲਗਮ ਵਿੱਚੋਂ ਖੂਨ ਆਉਣਾ, ਲਗਾਤਾਰ ਬੁਖਾਰ, ਰਾਤ ਨੂੰ ਪਸੀਨੇ ਆਉਣਾ, ਭੁੱਖ ਨਾ ਲੱਗਣਾ, ਵਜ਼ਨ ਘਟਣਾ ਅਤੇ ਸਰੀਰ ਵਿੱਚ ਕਮਜ਼ੋਰੀ ਦਾ ਆਉਣਾ ਆਦਿ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਮਰੀਜ਼ ਦਾ ਸਮੇ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਟੀਬੀ ਦੇ ਮਰੀਜ਼ਾਂ ਨੂੰ ਦਵਾਈ ਪੂਰੇ ਸਮੇਂ ਤੱਕ ਨਿਯਮਤ ਲੈਣੀ ਬਹੁਤ ਜ਼ਰੂਰੀ ਹੈ। ਦਵਾਈ ਅਧੂਰੀ ਛੱਡਣ ਨਾਲ ਬਿਮਾਰੀ ਮੁੜ ਵਧ ਸਕਦੀ ਹੈ ਅਤੇ ਦਵਾਈਆਂ ਬੇਅਸਰ ਹੋ ਸਕਦੀਆਂ ਹਨ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਟੀਬੀ ਦੇ ਮਰੀਜ਼ਾਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ। ਟੀਬੀ ਕੋਈ ਸ਼ਰਮ ਦੀ ਗੱਲ ਨਹੀਂ ਹੈ, ਸਗੋਂ ਇੱਕ ਆਮ ਬਿਮਾਰੀ ਹੈ ਜਿਸਦਾ ਇਲਾਜ ਸੰਭਵ ਹੈ। ਟੀਬੀ ਤੋਂ ਬਚਾਅ ਲਈ ਸਾਫ਼-ਸਫ਼ਾਈ ਰੱਖਣਾ, ਖੰਘਣ ਜਾਂ ਛਿੱਕਣ ਸਮੇਂ ਮੂੰਹ ਨੂੰ ਰੁਮਾਲ ਜਾਂ ਮਾਸਕ ਨਾਲ ਢੱਕਣਾ, ਇਧਰ-ਉਧਰ ਨਾ ਥੁੱਕਣਾ, ਪੋਸ਼ਣ ਭਰਪੂਰ ਖੁਰਾਕ ਵਰਤਣਾ ਅਤੇ ਖੁੱਲ੍ਹੀ ਹਵਾ ਵਿੱਚ ਰਹਿਣਾ ਲਾਭਕਾਰੀ ਹੈ। ਇਸ ਸਬੰਧੀ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਐਮ ਸ੍ਰੀ ਸਹੀਦ ਸੂਬੇਦਾਰ ਬ੍ਰਹਮ ਦਾਸ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਹੈਬੋਵਾਲ ਖੁਰਦ ਵਿਖੇ ਸਮੂਹ ਅਧਿਆਪਕਾਂ ਨੂੰ ਟੀਬੀ ਦੀ ਬਿਮਾਰੀ ਦੇ ਲੱਛਣਾਂ ਅਤੇ ਇਲਾਜ਼ ਸਬੰਧੀ ਜਾਗਰੂਕ ਕੀਤਾ ਗਿਆ। --