ਮਿਲਕ ਪ੍ਰੋਡਕਟ ਵੇਚਣ ਦੇ ਨਾਮ ’ਤੇ ਠੱਗੇ 21 ਲੱਖ
ਕਿਸੇ ਦੀ ਫੈਕਟਰੀ ਦਿਖਾ ਕੇ ਲੁਧਿਆਣਾ ਦੇ ਕਾਰੋਬਾਰੀ ਨੂੰ ਬਣਾਇਆ ਠੱਗੀ ਦਾ ਸ਼ਿਕਾਰ
Publish Date: Sat, 18 Apr 2026 06:35 PM (IST)
Updated Date: Sat, 18 Apr 2026 06:39 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਦੇਸੀ ਘਿਓ ਅਤੇ ਸੁੱਕੇ ਦੁੱਧ ਦੇ ਪ੍ਰੋਡਕਟ ਵੇਚਣ ਦੇ ਨਾਮ ’ਤੇ ਜਲੰਧਰ ਦੇ ਰਹਿਣ ਵਾਲੇ ਕੁੱਝ ਵਿਅਕਤੀਆਂ ਨੇ ਲੁਧਿਆਣਾ ਦੇ ਕਾਰੋਬਾਰੀ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁਲਜ਼ਮਾਂ ਨੇ ਕਿਸੇ ਹੋਰ ਵਿਅਕਤੀ ਦੀ ਫੈਕਟਰੀ ਨੂੰ ਆਪਣਾ ਦੱਸ ਕੇ ਕਾਰੋਬਾਰੀ ਕੋਲੋਂ ਰਕਮ ਹਾਸਲ ਕਰ ਲਈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਕੇਸ ਦੀ ਪੜਤਾਲ ਤੋਂ ਬਾਅਦ ਰੀਗਲ ਸੇਲਜ ਦੇ ਡਾਇਰੈਕਟਰ ਥਰੀਕੇ ਦੇ ਵਾਪਸੀ ਸੁਮਿਤ ਗੁਪਤਾ ਦੀ ਸ਼ਿਕਾਇਤ ’ਤੇ ਜਲੰਧਰ ਦੇ ਭਾਰਗਵ ਨਗਰ ਦੇ ਰਹਿਣ ਵਾਲੇ ਅਭਿਸ਼ੇਕ ਅਤਰਸ, ਤੁਸ਼ਾਰ ਅਤਰਸ ਅਤੇ ਉਹਨਾਂ ਦੇ ਡੀਲਰ ਸੁਨੀਲ ਕੁਮਾਰ ਦੇ ਖਿਲਾਫ ਧੋਖਾ ਧੜੀ ਅਪਰਾਧਿਕ ਸਾਜਿਸ਼ ਅਤੇ ਅਮਾਨਤ ਵਿੱਚ ਖਿਆਨਤ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਗੁਪਤਾ ਨੇ ਦੱਸਿਆ ਕਿ ਉਹ ਆਪਣੇ ਬ੍ਰਾਂਡ ਰੀਗਲ ਸੇਲਜ ਦੇ ਬੈਨਰ ਹੇਠ ਕੋਸਮੈਟਿਕ, ਇਲੈਕਟਰੋਨਿਕਸ ਵਸਤੂਆਂ ਅਤੇ ਕਈ ਹੋਰ ਸਮਾਨ ਵੇਚਦੇ ਹਨ। ਉਹਨਾਂ ਦੱਸਿਆ ਕਿ ਅਗਸਤ 2022 ਵਿੱਚ ਜਲੰਧਰ ਦਾ ਰਹਿਣ ਵਾਲਾ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਉਨ੍ਹਾਂ ਦੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਜਲੰਧਰ ਦੇ ਰਹਿਣ ਵਾਲੇ ਅਭਿਸ਼ੇਕ ਅਫਸਰ ਅਤੇ ਤੁਸ਼ਾਰ ਅਫਸਰ ਦੇਸੀ ਘਿਓ ਅਤੇ ਸੁਕੇ ਦੁੱਧ ਦੇ ਵੱਡੇ ਕਾਰੋਬਾਰੀ ਹਨ ਅਤੇ ਉਹ ਬਹੁਤ ਵੱਡੇ ਪੱਧਰ ਤੇ ਕਾਰੋਬਾਰ ਕਰਦੇ ਹਨ। ਸੁਨੀਲ ਨੇ ਇਹ ਆਖਿਆ ਕਿ ਇਸ ਕਾਰੋਬਾਰ ਵਿੱਚ ਬਹੁਤ ਮੁਨਾਫਾ ਹੈ ਅਤੇ ਉਹ ਅਭਿਸ਼ੇਕ ਅਤੇ ਤੁਸ਼ਾਰ ਨਾਲ ਉਹਨਾਂ ਦੇ ਕਾਰੋਬਾਰ ਦੀ ਗੱਲ ਕਰ ਸਕਦਾ। ਸੁੱਕਾ ਦੁੱਧ ਅਤੇ ਦੇਸੀ ਘਿਓ ਦੇਣ ਦੇ ਨਾਮ ’ਤੇ ਦੋਵਾਂ ਧਿਰਾਂ ਵਿਚਕਾਰ ਇੱਕ ਡੀਲ ਹੋ ਗਈ। ਪੂਰਾ ਵਿਸ਼ਵਾਸ ਬਣਾਉਣ ਲਈ ਮੁਲਜਮ ਸੁਮਿਤ ਗੁਪਤਾ ਨੂੰ ਖੰਨਾ ਦੀ ਇੱਕ ਫੈਕਟਰੀ ਵਿੱਚ ਲੈ ਗਏ ਜਿੱਥੇ ਬਹੁਤ ਵੱਡਾ ਪਲਾਂਟ ਲੱਗਾ ਸੀ। ਵਿਸ਼ਵਾਸ ਵਿੱਚ ਲੈ ਕੇ ਮੁਲਜਮਾਂ ਨੇ ਸੁਮਿਤ ਗੁਪਤਾ ਕੋਲੋਂ ਮਾਲ ਦੇਣ ਦੇ ਨਾਮ ਤੇ 21 ਲੱਖ ਰੁਪਏ ਐਡਵਾਂਸ ਹਾਸਿਲ ਕਰ ਲਏ। ਕੁੱਝ ਹਫਤੇ ਬੀਤਣ ਤੋਂ ਬਾਅਦ ਮੁਲਜਮਾਂ ਨੇ ਇਹ ਆਖਿਆ ਕਿ ਪਸ਼ੂਆਂ ਵਿੱਚ ਬਿਮਾਰੀ ਫੈਲ ਗਈ ਹੈ ਅਤੇ ਪ੍ਰੋਡਕਟ ਭੇਜਣ ਵਿੱਚ ਕੁੱਝ ਸਮਾਂ ਲੱਗੇਗਾ। ਅਕਤੂਬਰ 2022 ਵਿੱਚ ਸੁਮਿਤ ਗੁਪਤਾ ਜਦ ਦੁਬਾਰਾ ਤੋਂ ਖੰਨਾ ਵਾਲੀ ਫੈਕਟਰੀ ਵਿੱਚ ਗਏ ਤਾਂ ਸੱਚਾਈ ਸੁਣ ਕੇ ਉਹਨਾਂ ਦੇ ਹੋਸ਼ ਉੱਡ ਗਏ। ਉਹਨਾਂ ਨੂੰ ਪਤਾ ਲੱਗਾ ਕਿ ਇਹ ਫੈਕਟਰੀ ਅਭਿਸ਼ੇਕ ਅਤੇ ਤੁਸ਼ਾਰ ਦੀ ਨਹੀਂ ਸੀ। ਉਨਾਂ ਨੇ ਗੁਪਤਾ ਨੂੰ ਫੈਕਟਰੀ ਆਪਣੀ ਦੱਸ ਕੇ ਝਾਂਸੇ ਵਿੱਚ ਲਿਆ ਸੀ। ਸਾਰਾ ਮਾਮਲਾ ਸਾਫ ਹੋਣ ਤੇ ਸੁਮਿਤ ਗੁਪਤਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਿਤ ਸ਼ਿਕਾਇਤ ਦਿੱਤੀ। ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਅਭਿਸ਼ੇਕ ਅਤਰਸ ਤੁਸ਼ਾਰ ਅਤਰਸ ਅਤੇ ਸੁਨੀਲ ਕੁਮਾਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਜੋਹਨ ਪੀਟਰ ਦਾ ਕਹਿਣਾ ਹੈ ਕਿ ਮੁਲਜਮਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।